ਬਦਰੀਨਾਥ ਮੰਦਰ ਦੇ ਕਪਾਟ 30 ਅਪ੍ਰੈਲ ਨੂੰ ਖੋਲ੍ਹਣਗੇ

01/22/2018 5:25:45 PM

ਦੇਹਰਾਦੂਨ— ਵਿਸ਼ਵ ਪ੍ਰਸਿੱਧ ਹਿੰਦੂ ਧਾਮ ਬਦਰੀਨਾਥ ਮੰਦਰ ਦੇ ਕਪਾਟ (ਦਰਵਾਜ਼ਾ) 6 ਮਹੀਨੇ ਦੇ ਸਰਦ ਰੁੱਤ ਆਰਾਮ ਤੋਂ ਬਾਅਦ ਇਸ ਸਾਲ 30 ਅਪ੍ਰੈਲ ਨੂੰ ਸ਼ਰਧਾਲੂਆਂ ਦੁਬਾਰਾ ਖੋਲ੍ਹ ਦਿੱਤੇ ਜਾਣਗੇ। ਬਸੰਤ ਪੰਚਮੀ ਦੇ ਪਾਵਨ ਤਿਉਹਾਰ 'ਤੇ ਸੋਮਵਾਰ ਨੂੰ ਨਰੇਂਦਰ ਨਗਰ 'ਚ ਟਿਹਰੀ ਰਾਜਪਰਿਵਾਰ ਦੇ ਪੁਰੋਹਿਤ ਅਚਾਰੀਆ ਕ੍ਰਿਸ਼ਨ ਪ੍ਰਸਾਦ ਉਨਿਆਲ ਨੇ ਰਵਾਇਤੀ ਪੂਜਾ ਤੋਂ ਬਾਅਦ ਭਗਵਾਨ ਬਦਰੀਨਾਥ ਮੰਦਰ ਖੁੱਲ੍ਹਣ ਦਾ ਸ਼ੁੱਭ ਮਹੂਰਤ ਕੱਢਿਆ। ਉਨਿਆਲ ਨੇ ਮਹਾਰਾਜਾ ਮਨੁਜਯੇਂਦਰ ਸ਼ਾਹ ਦੀ ਜਨਮ ਕੁੰਡਲੀ ਅਤੇ ਗ੍ਰਹਿ ਨਕਸ਼ਤਰਾਂ ਦੀ ਦਸ਼ਾ ਦੇਖ ਕੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਭਗਵਾਨ ਬਦਰੀਨਾਥ ਦੇ ਕਪਾਟ 30 ਅਪ੍ਰੈਲ ਨੂੰ ਮੀਨ ਲਗਨ ਅਨੁਸਾਰ ਬ੍ਰਹਿਮਮਹੂਰਤ 'ਚ 4.30 ਵਜੇ 'ਤੇ ਭਗਤਾਂ ਲਈ ਖੋਲ੍ਹੇ ਜਾਣਗੇ।
ਬਸੰਤ ਪੰਚਮੀ ਦੇ ਉਤਸਵ 'ਤੇ ਨਰੇਂਦਰ ਨਗਰ ਰਾਜਮਹਿਲ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਮਹਾਰਾਸ਼ਾ ਮਨੁਜਯੇਂਦਰ ਸ਼ਾਹ ਨੇ ਕਿਹਾ ਕਿ ਪਵਿੱਤਰ ਬਦਰੀਨਾਥ ਧਾਮ ਹਿੰਦੂਆਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ, ਜਿਸ ਨੂੰ ਸ਼ਾਸਤਰਾਂ 'ਚ ਮੋਕਸ਼ ਧਾਮ ਮੰਨਿਆ ਜਾਂਦਾ ਹੈ। ਭਗਵਾਨ ਵਿਸ਼ਨੂੰ ਨੂੰ ਸਮਰਪਿਤ ਮੰਦਰ ਦੇ ਖੁੱਲ੍ਹਣ ਦਾ ਮਹੂਰਤ ਕੱਢੇ ਜਾਣ ਮੌਕੇ ਮਹਾਰਾਣੀ ਅਤੇ ਟਿਹਰੀ ਸੰਸਦ ਮੈਂਬਰ ਮਾਲਾਰਾਜ ਲਕਸ਼ਮੀ ਸ਼ਾਹ, ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਗਣੇਸ਼ ਗੋਦਿਆਲ, ਮੁੱਖ ਕਾਰਜ ਅਧਿਕਾਰੀ ਬੀ.ਡੀ. ਸਿੰਘ ਆਦਿ ਮੌਜੂਦ ਸਨ। ਗੜ੍ਹਵਾਲ ਹਿਮਾਲਿਆ 'ਚ ਸਥਿਤ ਬਦਰੀਨਾਥ ਸਮੇਤ ਚਾਰ ਧਾਮ ਸ਼ਰਦ ਰੁੱਤ 'ਚ ਭਾਰੀ ਬਰਫਬਾਰੀ ਅਤੇ ਭਿਆਨਕ ਠੰਡ ਦੀ ਲਪੇਟ 'ਚ ਰਹਿਣ ਕਾਰਨ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ ਪਰ ਅਗਲੇ ਸਾਲ ਦੁਬਾਰਾ ਅਪ੍ਰੈਲ-ਮਈ 'ਚ ਖੋਲ੍ਹੇ ਜਾਂਦੇ ਹਨ। ਗੜ੍ਹਵਾਲ ਦੀ ਆਰਥਿਕ ਰੀੜ੍ਹ ਮੰਨੀ ਜਾਣ ਵਾਲੀ 6 ਮਹੀਨੇ ਦੀ ਇਸ ਸਲਾਨਾ ਚਾਰ ਧਾਮ ਯਾਤਰਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਅਤੇ ਸੈਲਾਨੀ ਇਨ੍ਹਾਂ ਦੇ ਦਰਸ਼ਨਾਂ ਨੂੰ ਪੁੱਜਦੇ ਹਨ।