ਪੁਲਵਾਮਾ ਹਮਲਾ : ਭਾਰਤ ਲਈ ਨਾਸੂਰ ਬਣ ਗਿਆ ਹੈ ਅੱਤਵਾਦੀ ਜੈਸ਼ ਸਰਗਨਾ ਅਜ਼ਹਰ

02/15/2019 2:11:52 AM

ਨਵੀਂ ਦਿੱਲੀ— ਕੰਧਾਰ ਪਲੇਨ ਹਾਈਜੈਕ ਮਾਮਲੇ ਵਿਚ ਫਿਰੌਤੀ ’ਚ ਛੁੱਟਿਆ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਭਾਰਤ ਲਈ ਨਾਸੂਰ ਬਣ ਗਿਆ ਹੈ। ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ ’ਤੇ ਆਤਮਘਾਤੀ ਹਮਲੇ ਦਾ ਮਾਸਟਰ ਮਾਈਂਡ ਵੀ ਉਹ ਹੀ ਹੈ। ਪਾਕਿਸਤਾਨ ਦੇ ਪੀ. ਓ. ਕੇ. ਵਿਚ ਬੈਠ ਕੇ ਜਿਸ ਤਰ੍ਹਾਂ ਉੜੀ ਹਮਲਜ਼ਿਸ਼ ਰਚੀ ਗਈ, ਉਸੇ ਤਰ੍ਹਾਂ ਪੁਲਵਾਮਾ ਹਮਲੇ ਦੀ ਸਾਜ਼ਿਸ਼ ਵੀ ਪੀ. ਓ. ਕੇ. ਵਿਚ ਹੀ ਰਚੀ ਗਈ ਹੈ, ਜਿਸ ਵਿਚ ਜੈਸ਼ ਨੇ ਸਥਾਨਕ ਅੱਤਵਾਦੀਆਂ ਨਾਲ ਮਿਲ ਕੇ ਇਸ ਦਾ ਤਾਣਾ-ਬਾਣਾ ਬੁਣਿਆ।

ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉੜੀ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਉੜੀ ਕੈਂਪ ਦੀ ਪੂਰੀ ਰੇਕੀ ਕੀਤੀ ਸੀ, ਠੀਕ ਉਸੇ ਤਰ੍ਹਾਂ ਅੱਤਵਾਦੀਆਂ ਨੇ ਪੁਲਵਾਮਾ ਹਾਈਵੇ ਦੀ ਰੇਕੀ ਕੀਤੀ। ਅੱਤਵਾਦੀਆਂ ਨੂੰ ਪੂਰੀ ਸੂਚਨਾ ਸੀ ਕਿ ਸੀ. ਆਰ. ਪੀ. ਐੱਫ. ਦਾ ਕਾਫਿਲਾ ਇਥੋਂ ਲੰਘੇਗਾ। ਕਿੰਨੇ ਵਜੇ ਲੰਘੇਗਾ ਅਤੇ ਇਸ ਵਿਚ ਕਿੰਨੇ ਵਾਹਨ ਹੋਣਗੇ। ਇਸ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ। ਇਹੀ ਨਹੀਂ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਕੋਲ ਵੀ ਇਸ ਦੇ ਇਨਪੁਟ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਉੜੀ ਹਮਲੇ ਤੋਂ ਬਾਅਦ ਜਦੋਂ ਭਾਰਤੀ ਫੌਜ ਨੇ ਸਰਜੀਕਲ ਸਟ੍ਰਾਈਕ ਕੀਤੀ ਤਾਂ ਉਸ ਸਮੇਂ ਸਭ ਤੋਂ ਜ਼ਿਆਦਾ ਨੁਕਸਾਨ ਜੈਸ਼-ਏ-ਮੁਹੰਮਦ ਦਾ ਕੀਤਾ ਗਿਆ ਸੀ। ਉਸ ਦੇ ਸੀਨੀਅਰ ਕਮਾਂਡਰਾਂ ਨੂੰ ਮਾਰ ਦਿੱਤਾ ਗਿਆ ਸੀ। 18 ਸਤੰਬਰ 2016 ਨੂੰ ਉੜੀ ਹਮਲਾ ਹੋਇਆ ਸੀ। ਉਸ ਤੋਂ ਕੁਝ ਦਿਨਾਂ ਬਾਅਦ ਹੀ ਫੌਜ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ।

ਜੈਸ਼ ਸਰਜੀਕਲ ਸਟ੍ਰਾਈਕ ਦੇ ਬਾਅਦ ਤੋਂ ਹੀ ਉੜੀ ਵਾਂਗ ਹੀ ਇਕ ਹੋਰ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੇ 2 ਸਾਲਾਂ ਵਿਚ ਜੈਸ਼-ਏ-ਮੁਹੰਮਦ ਦੇ ਅਨੇਕਾਂ ਸੀਨੀਅਰ ਕਮਾਂਡਰ ਮਾਰੇ ਗਏ ਹਨ। ਇਸ ਲਈ ਜੈਸ਼ ਨੇ ਹਮਲਾ ਕਰਨ ਲਈ ਇਕ ਆਤਮਘਾਤੀ ਤਿਆਰ ਕੀਤਾ ਤਾਂ ਕਿ ਹਮਲੇ ਨੂੰ ਅਾਸਾਨੀ ਨਾਲ ਅੰਜਾਮ ਦਿੱਤਾ ਜਾ ਸਕੇ ਕਿਉਂਕਿ ਹੋਰ ਹਮਲਿਆਂ ਵਾਂਗ ਕੀਤੇ ਗਏ ਹਮਲਿਆਂ ਵਿਚ ਸਫਲਤਾ ਘੱਟ ਮਿਲ ਰਹੀ ਸੀ।
ਮੌਲਾਨਾ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਹੈ। ਇਹ ਉਹੀ ਮੌਲਾਨਾ ਮਸੂਦ ਅਜ਼ਹਰ ਹੈ ਜਿਸ ਨੂੰ 1999 ਵਿਚ ਕੰਧਾਰ ਪਲੇਨ ਹਾਈਜੈਕ ਮਾਮਲੇ ਵਿਚ ਭਾਰਤ ਨੇ ਰਿਹਾਅ ਕੀਤਾ ਸੀ। ਜ਼ਿਕਰਯੋਗ ਹੈ ਕਿ 24 ਦਸੰਬਰ 1999 ਨੂੰ 5 ਹਥਿਆਰਬੰਦ ਅੱਤਵਾਦੀਆਂ ਨੇ 178 ਯਾਤਰੀਆਂ ਨਾਲ ਇੰਡੀਅਨ ਏਅਰਲਾਈਨਜ਼ ਦੇ ਹਵਾਈ ਜਹਾਜ਼ ਆਈ . ਸੀ.-814 ਨੂੰ ਅਗਵਾ ਕਰ ਲਿਆ ਸੀ। ਹਰਕਤ-ਉਲ-ਮੁਜਾਹਿਦੀਨ ਦੇ ਅੱਤਵਾਦੀਆਂ ਨੇ ਭਾਰਤ ਸਰਕਾਰ ਨਾਲ 178 ਯਾਤਰੀਆਂ ਦੀ ਜਾਨ ਦੇ ਬਦਲੇ ਆਪਣੇ 3 ਅੱਤਵਾਦੀਆਂ ਦੀ ਰਿਹਾਈ ਦਾ ਸੌਦਾ ਕੀਤਾ ਸੀ।

ਉਨ੍ਹਾਂ 3 ਅੱਤਵਾਦੀਆਂ ਵਿਚੋਂ ਇਕ ਮਸੂਦ ਅਜ਼ਹਰ ਵੀ ਸੀ। 1999 ਵਿਚ ਵਾਜਪਾਈ ਸਰਕਾਰ ਨੇ ਯਾਤਰੀਆਂ ਦੀ ਜਾਨ ਬਚਾਉਣ ਲਈ ਮਸੂਦ ਅਜ਼ਹਰ ਸਣੇ 3 ਅੱਤਵਾਦੀਆਂ ਨੂੰ ਛੱਡਣ ਦਾ ਫੈਸਲਾ ਕੀਤਾ ਸੀ। ਉਸ ਵੇਲੇ ਮੌਲਾਨਾ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦਾ ਮੈਂਬਰ ਸੀ। ਰਿਹਾਈ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਵਿਚ 31 ਜਨਵਰੀ 2000 ਨੂੰ ਉਸ ਨੇ ਜੈਸ਼-ਏ-ਮੁਹੰਮਦ ਸੰਗਠਨ ਦੀ ਸ਼ੁਰੂਆਤ ਦੇ ਨਾਲ ਜੇਹਾਦ ਦੀ ਦੁਨੀਆ ਵਿਚ ਫਿਰ ਕਦਮ ਰੱਖਿਆ।
ਜੈਸ਼-ਏ-ਮੁਹੰਮਦ ਸੰਗਠਨ ਦਾ ਮੁਖੀਆ ਮੌਲਾਨਾ ਮਸੂਦ ਅਜ਼ਹਰ ਹਰਕਤ-ਉਲ-ਅੰਸਾਰ ਦਾ ਜਨਰਲ ਸਕੱਤਰ ਵੀ ਰਹਿ ਚੁੱਕਾ ਹੈ। ਉਸ ਦਾ ਜਨਮ ਪਾਕਿਸਤਾਨ ਦੇ ਬਹਾਵਲਪੁਰ ਵਿਚ 1968 ਵਿਚ ਹੋਇਆ ਸੀ। 11 ਭੈਣ-ਭਰਾਵਾਂ ਵਿਚ ਅਜ਼ਹਰ 10ਵੇਂ ਨੰਬਰ ’ਤੇ ਸੀ। ਉਸ ਦਾ ਪਿਤਾ ਸਰਕਾਰੀ ਸਕੂਲ ਵਿਚ ਹੈੱਡ ਮਾਸਟਰ ਸੀ। ਉਸ ਦੇ ਪਰਿਵਾਰ ਡੇਅਰੀ ਦਾ ਕਾਰੋਬਾਰ ਵੀ ਕਰਦਾ ਸੀ। ਮੌਲਾਨਾ ਮਸੂਦ ਅਜ਼ਹਰ ਦੀ ਸਿੱਖਿਆ ਕਰਾਚੀ ਜਾਮੀਆ-ਉਲੁਮ-ਅਲ-ਇਸਲਾਮੀਆ ਵਿਚ ਹੋਈ। ਬਾਅਦ ਵਿਚ ਉਹ ਹਰਕਤ-ਉਲ-ਅੰਸਾਰ ਸੰਗਠਨ ਨਾਲ ਜੁੜ ਗਿਆ। ਪਹਿਲੀ ਵਾਰ ਉਸ ਨੂੰ 1994 ਵਿਚ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਸ਼੍ਰੀਨਗਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ।

ਦਸੰਬਰ 2001 ਵਿਚ ਭਾਰਤੀ ਸੰਸਦ ’ਤੇ ਹਮਲੇ ਤੋਂ ਬਾਅਦ ਅਜ਼ਹਰ ਨੂੰ ਪਾਕਿਸਤਾਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਲਾਹੌਰ ਹਾਈ ਕੋਰਟ ਦੇ ਹੁਕਮ ’ਤੇ 2002 ਵਿਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। 2002 ਵਿਚ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੀ ਹੱਤਿਆ ਅਤੇ ਉਸ ਦੇ ਅਗਵਾ ਹੋਣ ਤੋਂ ਬਾਅਦ ਅਮਰੀਕਾ ਨੇ ਅਜ਼ਹਰ ਨੂੰ ਉਸ ਨੂੰ ਸੌਂਪਣ ਦੀ ਮੰਗ ਕੀਤੀ ਸੀ। ਅਜ਼ਹਰ ਦੇ ਸਹਿਯੋਗੀ ਸ਼ੇਖ ਅਹਿਮਦ ਸਈਦ ਉਮਰ ਨੇ ਪਰਲ ਦੀ ਹੱਤਿਆ ਕਰ ਦਿੱਤੀ ਸੀ। 2003 ਵਿਚ ਪ੍ਰਵੇਜ਼ ਮੁਸ਼ੱਰਫ ’ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਉਸ ਦੇ ਸੰਗਠਨ ’ਤੇ ਪਾਬੰਦੀ ਲਾ ਦਿੱਤੀ ਗਈ ਸੀ।
ਦਸੰਬਰ 2008 ਵਿਚ ਭਾਰਤ ਅਤੇ ਅਮਰੀਕਾ ਦੇ ਦਬਾਅ ਕਾਰਨ ਪਾਕਿ ਸਰਕਾਰ ਨੇ ਉਸ ਨੂੰ ਉਸ ਦੀ ਰਿਹਾਇਸ਼ ਵਿਚ ਨਜ਼ਰਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਦੋ ਵਾਰ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਇਨ੍ਹਾਂ ਦੇਸ਼ਾਂ ’ਚ ਪਾਬੰਦੀਸ਼ੁਦਾ ਹੈ ਮਸੂਦ ਦਾ ਸੰਗਠਨ
ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ’ਤੇ ਅਮਰੀਕਾ, ਆਸਟਰੇਲੀਆ, ਕੈਨੇਡਾ ਅਤੇ ਭਾਰਤ ਸਣੇ ਕਈ ਦੇਸ਼ਾਂ ਵਿਚ ਪਾਬੰਦੀ ਹੈ। ਫਿਰ ਵੀ ਉਹ ਪਾਕਿਸਤਾਨ ਵਿਚ ਖੁੱਲ੍ਹੇਆਮ ਰੈਲੀਆਂ ਦੌਰਾਨ ਭਾਰਤ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ। ਉਸ ਨੂੰ ਭਾਰਤੀ ਜਹਾਜ਼ ਨੂੰ ਅਗਵਾ ਕਰਨ ਲਈ ਕਦੇ ਕੋਈ ਸਜ਼ਾ ਨਹੀਂ ਮਿਲੀ। ਜੈਸ਼-ਏ-ਮੁਹੰਮਦ ਦੀ ਸਥਾਪਨਾ ਫਰਵਰੀ 2000 ਵਿਚ ਪਾਕਿਸਤਾਨ ਦੇ ਕਰਾਚੀ ਵਿਚ ਸੰਗਠਨ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੇ ਕੀਤੀ। ਇਸ ਸੰਗਠਨ ਦਾ ਮੁੱਖ ਮਕਸਦ ਕਸ਼ਮੀਰ ਵਿਚ ਹਿੰਸਾਤਮਕ ਘਟਨਾਵਾਂ ਵਿਚ ਵਾਧਾ ਕਰਨਾ ਅਤੇ ਭਾਰਤ ਵਿਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਹੈ। ਸੰਗਠਨ ਦਾ ਮੁੱਖ ਤਰੀਕਾ ਆਤਮਘਾਤੀ ਹਮਲਾ ਕਰਨਾ ਹੈ। ਜੈਸ਼-ਏ-ਮੁਹੰਮਦ ਕੱਟੜਪੰਥੀ ਵਿਚਾਰਾਂ ਵਾਲੇ ਆਡੀਓ ਕੈਸਿਟ ਕਸ਼ਮੀਰ ਵਿਚ ਭੇਜ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ। ਇਸ ਸੰਗਠਨ ਵਿਚ ਹਰਕਤ-ਉਲ-ਮੁਜਾਹਿਦੀਨ ਅਤੇ ਹਰਕਤ-ਉਲ-ਅੰਸਾਰ ਦੇ ਕਈ ਕੱਟੜਪੰਥੀ ਵੀ ਸ਼ਾਮਲ ਹਨ।

ਅਮਰੀਕਾ ਦੀ ਬਲੈਕ ਲਿਸਟ ’ਚ ਜੈਸ਼-ਏ-ਮੁਹੰਮਦ
ਅਮਰੀਕਾ ਵਲੋਂ ਤਿਆਰ ਕੀਤੀ ਗਈ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਬਲੈਕ ਲਿਸਟ ਵਿਚ ਪਾਕਿ ਸਥਿਤ ਜੈਸ਼ ਤੇ ਲਸ਼ਕਰ ਨੂੰ ਰੱਖਿਆ ਗਿਆ ਸੀ। ਇਸ ਸੂਚੀ ਵਿਚ 44 ਅੱਤਵਾਦੀ ਸੰਗਠਨ ਸ਼ਾਮਲ ਹਨ। ਲਸ਼ਕਰ ਤੇ ਜੈਸ਼ ਦੋਵੇਂ ਹੀ ਲੰਮੇ ਸਮੇਂ ਤੋਂ ਭਾਰਤ ਵਿਚ ਅੱਤਵਾਦੀ ਸਰਗਰਮੀਆਂ ਚਲਾ ਰਹੇ ਹਨ।


Inder Prajapati

Content Editor

Related News