ਜਵਾਨਾਂ ਵਿਰੁੱਧ ਅਸ਼ੋਭਨੀਕ ਟਿੱਪਣੀ ਦੇ ਮਾਮਲੇ ''ਤੇ ਆਜ਼ਮ ਖਾਨ ਵਿਰੁੱਧ ਚੱਲੇਗਾ ਮੁਕੱਦਮਾ

07/27/2018 9:49:03 AM

ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਪ੍ਰਤੀ ਅਸ਼ੋਭਨੀਕ ਅਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇ ਦਿੱਤੀ ਹੈ। ਰਾਮਪੁਰ ਦੇ ਅਪਰ ਪੁਲਸ ਮੁਖੀ ਸੁਧਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਜ਼ਮ ਖਾਨ ਵਿਰੁੱਧ ਮੁਕੱਦਮਾ ਚਲਾਉਣ ਦੀ ਸਾਨੂੰ ਪ੍ਰਵਾਨਗੀ ਮਿਲ ਗਈ ਹੈ। ਹੁਣ ਉਨ੍ਹਾਂ ਵਿਰੁੱਧ ਧਾਰਾ 153-ਏ ਅਧੀਨ ਦੋਸ਼ ਪੱਤਰ ਦਾਇਰ ਕੀਤਾ ਜਾਏਗਾ। 
ਕੀ ਕਿਹਾ ਸੀ ਆਜ਼ਮ ਖਾਨ ਨੇ ਪਿਛਲੇ ਸਾਲ ਅਪ੍ਰੈਲ 'ਚ ਛੱਤੀਸਗੜ੍ਹ ਵਿਖੇ ਹੋਏ ਨਕਸਲੀ ਹਮਲੇ ਦੌਰਾਨ ਸੀ. ਆਰ. ਪੀ. ਐੱਫ. ਦੇ 25 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਸਬੰਧੀ ਆਜ਼ਮ ਖਾਨ ਨੇ 28 ਜੂਨ ਨੂੰ ਇਕ ਪ੍ਰੋਗਰਾਮ 'ਚ ਕਿਹਾ ਸੀ,''ਹਥਿਆਰਬੰਦ ਔਰਤਾਂ ਨੇ ਫੌਜ ਦੇ ਜਵਾਨਾਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਪ੍ਰਾਈਵੇਟ ਪਾਰਟਸ ਕੱਟ ਕੇ ਲੈ ਗਈਆਂ। ਕਿਤੇ ਕੋਈ ਕਿਸੇ ਦਾ ਸਿਰ ਅਤੇ ਕੋਈ ਹੱਥ ਕੱਟ ਕੇ ਲੈ ਜਾਂਦਾ ਹੈ ਪਰ ਇਥੇ ਨਕਸਲੀ ਔਰਤਾਂ ਜਵਾਨਾਂ ਦੇ ਪ੍ਰਾਈਵੇਟ ਪਾਰਟਸ ਕੱਟ ਲੈ ਗਈਆਂ। ਉਨ੍ਹਾਂ ਨੂੰ ਜਵਾਨਾਂ ਦੇ ਸਰੀਰ ਦੇ ਜਿਸ ਹਿੱਸੇ ਤੋਂ ਸ਼ਿਕਾਇਤ ਸੀ, ਨੂੰ ਉਹ ਕੱਟ  ਕੇ ਲੈ ਗਈਆਂ। ਇਹ ਇੰਨਾ ਵੱਡਾ ਸੰਦੇਸ਼ ਹੈ, ਜਿਸ 'ਤੇ ਪੂਰੇ ਹਿੰਦੋਸਤਾਨ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਅਸੀਂ ਦੁਨੀਆ ਨੂੰ ਕੀ ਮੂੰਹ ਵਿਖਾਵਾਂਗੇ?