ਆਜ਼ਮ ਖਾਨ ਨੂੰ ਵੱਡੀ ਰਾਹਤ, 29 ਐੱਫ.ਆਈ.ਆਰ. ''ਤੇ ਲਗਾਈ ਰੋਕ

09/25/2019 1:22:04 PM

ਪ੍ਰਯਾਗਰਾਜ— ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੁੱਧਵਾਰ ਨੂੰ ਹਾਈ ਕੋਰਟ ਨੇ ਆਜ਼ਮ ਵਿਰੁੱਧ ਦਰਜ 29 ਐੱਫ.ਆਈ.ਆਰ. 'ਤੇ ਰੋਕ ਲੱਗਾ ਦਿੱਤੀ ਹੈ। ਐੱਫ.ਆਈ.ਆਰ. 'ਤੇ ਰੋਕ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ 'ਚ ਆਜ਼ਮ ਖਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਮੌਲਾਨਾ ਜੌਹਰ ਯੂਨੀਵਰਸਿਟੀ ਲਈ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਨੂੰ ਲੈ ਕੇ ਆਜ਼ਮ ਖਾਨ ਵਿਰੁੱਧ ਕਿਸਾਨਾਂ ਨੇ ਪੁਲਸ 'ਚ ਰਿਪੋਰਟ ਦਰਜ ਕਰਵਾਈ ਸੀ। ਆਜ਼ਮ ਖਾਨ ਨੇ ਇਸ ਮਾਮਲੇ 'ਚ ਪਟੀਸ਼ਨ ਦਾਖਲ ਕਰ ਕੇ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਗੁਹਾਰ ਲਗਾਈ ਸੀ। ਜਿਸ 'ਤੇ ਬੁੱਧਵਾਰ ਨੂੰ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਮੰਜੂ ਰਾਣੀ ਚੌਹਾਨ ਦੀ ਡਿਵੀਜ਼ਨ ਬੈਂਚ 'ਚ ਸੁਣਵਾਈ ਹੋਈ। ਸੁਣਵਾਈ ਤੋਂ ਬਾਅਦ ਬੈਂਚ ਨੇ 29 ਐੱਫ.ਆਈ.ਆਰ. 'ਤੇ ਰੋਕ ਲੱਗਾ ਦਿੱਤੀ। ਹੁਣ ਕਿਹਾ ਜਾ ਰਿਹਾ ਹੈ ਕਿ ਇਸ ਆਧਾਰ 'ਤੇ ਉਨ੍ਹਾਂ ਨੂੰ ਦੂਜੇ ਮੁਕੱਦਮਿਆਂ 'ਚ ਵੀ ਰਾਹਤ ਮਿਲ ਸਕਦੀ ਹੈ।

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਬਣਨ ਦੇ ਬਾਅਦ ਤੋਂ ਆਜ਼ਮ ਖਾਨ 'ਤੇ 84 ਮੁਕੱਦਮੇ ਦਰਜ ਹੋ ਚੁਕੇ ਹਨ। ਇਸ 'ਚ ਜੌਹਰ ਯੂਨੀਵਰਸਿਟੀ ਦੀਆਂ ਜ਼ਮੀਨਾਂ ਨਾਲ ਸੰਬੰਧਤ 30 ਮੁਕੱਦਮੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵੀ ਆਜ਼ਮ ਖਾਨ 'ਤੇ ਚੋਰੀ, ਡਕੈਤੀ, ਮੱਝ ਅਤੇ ਬੱਕਰੀ ਚੋਰੀ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਆਜ਼ਮ ਤੋਂ ਇਲਾਵਾ ਉਨ੍ਹਾਂ ਦੇ ਬੇਟਿਆਂ ਅਤੇ ਪਤਨੀ ਵਿਰੁੱਧ ਵੀ ਕੇਸ ਦਰਜ ਹਨ। ਇਸ ਤੋਂ ਪਹਿਲਾਂ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਕੋਸੀ ਹੜ੍ਹ ਖੇਤਰ 'ਤੇ ਕਬਜ਼ੇ ਲਈ ਸੰਸਦ ਮੈਂਬਰ ਆਜ਼ਮ ਖਾਨ ਵਲੋਂ ਰਾਮਪੁਰ 'ਚ ਸੰਚਾਲਤ ਨਿੱਜੀ ਯੂਨੀਵਰਸਿਟੀ ਵਿਰੁੱਧ ਕਾਰਵਾਈ ਦਾ ਆਦੇਸ਼ ਦਿੱਤਾ ਹੈ। ਐੱਨ.ਜੀ.ਟੀ. ਪ੍ਰਧਾਨ ਜੱਜ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਕੋਸੀ ਗੰਗਾ ਦੀ ਸਹਿਯੋਗੀ ਨਦੀ ਹੈ, ਲਿਹਾਜਾ ਸੰਬੰਧਤ ਕਾਨੂੰਨੀ ਅਥਾਰਟੀ ਕਬਜ਼ਾ ਕਰਨ ਵਾਲਿਆਂ ਵਿਰੁੱਧ ਉੱਚਿਤ ਕਾਰਵਾਈ ਕਰ ਸਕਦੀ ਹੈ।

DIsha

This news is Content Editor DIsha