ਅਯੁੱਧਿਆ ਕੇਸ : 18 ਅਕਤੂਬਰ ਤਕ ਬਹਿਸ ਪੂਰੀ ਹੋਣ ਦੀ ਉਮੀਦ

09/18/2019 11:46:16 AM

ਨਵੀਂ ਦਿੱਲੀ— ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਅੱਜ ਭਾਵ ਬੁੱਧਵਾਰ ਨੂੰ 26ਵੇਂ ਦਿਨ ਦੀ ਸੁਣਵਾਈ ਹੋਈ। ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨਕ ਬੈਂਚ ਵਿਚਾਲੇ ਇਸ ਗੱਲ ਨੂੰ ਲੈ ਕੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਸੁਣਵਾਈ ਪੂਰੀ ਹੋਣ 'ਚ ਕਿੰਨਾ ਸਮਾਂ ਲੱਗੇਗਾ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਅਯੁੱਧਿਆ ਰਾਮ ਜਨਮ ਭੂਮੀ ਮਾਮਲੇ 'ਚ 18 ਅਕਤੂਬਰ ਤਕ ਸੁਣਵਾਈ ਪੂਰੀ ਕਰ ਲਵਾਂਗੇ। ਰੰਜਨ ਗੋਗੋਈ ਨੇ ਕਿਹਾ ਕਿ ਇਕ ਮਹੀਨੇ ਵਿਚ ਬਹਿਸ ਪੂਰੀ ਕਰਨ ਲਈ ਸਾਰੇ ਪੱਖਾਂ ਨੂੰ ਕੋਸ਼ਿਸ਼ ਕਰਨੀ ਪਵੇਗੀ। ਲੋੜ ਪਈ ਤਾਂ ਅਸੀਂ ਸ਼ਨੀਵਾਰ ਨੂੰ ਵੀ ਸੁਣਵਾਈ ਲਈ ਤਿਆਰ ਹਾਂ। ਇਸ ਤੋਂ ਬਾਅਦ ਫੈਸਲਾ ਲਿਖਣ ਲਈ 4 ਹਫਤਿਆਂ ਦਾ ਸਮਾਂ ਮਿਲੇਗਾ।

ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਜੇਕਰ ਪੱਖ ਵਿਚੋਲਗੀ ਜ਼ਰੀਏ ਮਾਮਲਾ ਸੁਲਝਾਉਣ ਦੇ ਇੱਛੁਕ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਬੈਂਚ ਨੇ ਕਿਹਾ ਕਿ ਸਾਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਐੱਫ. ਐੱਮ. ਆਈ. ਕਲੀਫੁੱਲਾ ਦੀ ਚਿੱਠੀ ਮਿਲੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੁਝ ਪੱਖਾਂ ਨੇ ਉਨ੍ਹਾਂ ਨੂੰ ਵਿਚੋਲਗੀ ਪ੍ਰਕਿਰਿਆ ਸ਼ੁਰੂ ਕਰਨ ਲਈ ਚਿੱਠੀ ਲਿਖੀ ਹੈ। ਇੱਥੇ ਦੱਸ ਦੇਈਏ ਕਿ ਕਲੀਫੁੱਲਾ ਨੇ ਮਾਮਲੇ 'ਚ 3 ਮੈਂਬਰੀ ਵਿਚੋਲਗੀ ਪੈਨਲ ਦੀ ਅਗਵਾਈ ਕੀਤੀ ਸੀ। ਹਾਲਾਂਕਿ ਇਸ ਵਿਚੋਲਗੀ ਪੈਨਲ ਨਾਲ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੀ ਸੀ। ਸੰਵਿਧਾਨਕ ਬੈਂਚ ਨੇ ਕਿਹਾ ਕਿ ਜ਼ਮੀਨ ਵਿਵਾਦ ਮਾਮਲੇ ਵਿਚ ਰੋਜ਼ਾਨਾ ਦੇ ਆਧਾਰ 'ਤੇ ਕਾਰਵਾਈ ਬਹੁਤ ਅੱਗੇ ਪਹੁੰਚ ਗਈ ਹੈ ਅਤੇ ਇਹ ਜਾਰੀ ਰਹੇਗੀ। ਹਾਲਾਂਕਿ ਕੋਰਟ ਨੇ ਕਿਹਾ ਕਿ ਜੱਜ ਕਲੀਫੁੱਲਾ ਦੀ ਅਗਵਾਈ 'ਚ ਵਿਚੋਲਗੀ ਪ੍ਰਕਿਰਿਆ ਹੁਣ ਵੀ ਜਾਰੀ ਰਹਿ ਸਕਦੀ ਹੈ ਅਤੇ ਉਸ ਦੀ ਕਾਰਵਾਈ ਗੁਪਤ ਰੱਖੀ ਜਾਵੇਗੀ।

Tanu

This news is Content Editor Tanu