ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਸਮੇਤ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਹੋਇਆ ਐਲਾਨ

02/26/2021 5:38:31 PM

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਅਤੇ ਕੇਰਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਆਸਾਮ 'ਚ 3 ਗੇੜ 'ਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀ ਵੋਟਿੰਗ 27 ਮਾਰਚ, ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ ਵੋਟਿੰਗ 6 ਅਪ੍ਰੈਲ ਨੂੰ ਹੋਵੇਗੀ। ਕੇਰਲ 'ਚ ਇਕ ਗੇੜ 'ਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਤਾਮਿਲਨਾਡੂ 'ਚ ਵੀ ਇਕ ਗੇੜ 'ਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 2 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਇਕ ਗੇੜ 'ਚ ਵੋਟਿੰਗ ਹੋਵੇਗੀ। ਪੁਡੂਚੇਰੀ 'ਚ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਵੇਗੀ। 

ਪੱਛਮੀ ਬੰਗਾਲ 'ਚ 8 ਗੇੜ 'ਚ ਵੋਟਿੰਗ ਹੋਵੇਗੀ। ਪਹਿਲੇ ਗੇੜ ਦੀ ਵੋਟਿੰਗ 27 ਮਾਰਚ ਨੂੰ, ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ 6 ਅਪ੍ਰੈਲ, ਚੌਥੇ ਗੇੜ ਦੀ 10 ਅਪ੍ਰੈਲ, 5ਵੇਂ ਗੇੜ ਦੀ 17 ਅਪ੍ਰੈਲ, 6ਵੇਂ ਗੇੜ ਦੀ 22 ਅਪ੍ਰੈਲ, 7ਵੇਂ ਗੇੜ ਦੀ 26 ਅਪ੍ਰੈਲ ਅਤੇ 8 ਗੇੜ ਦੀ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ। ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਆਉਣਗੇ।

ਕਮਿਸ਼ਨ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਕਈ ਇੰਤਜ਼ਾਮ ਕੀਤੇ ਗਏ ਸਨ, ਇਸ ਵਾਰ ਸੂਬੇ 'ਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ। ਚੋਣ ਕਮਿਸ਼ਨ ਨੇ ਵੋਟਿੰਗ ਦਾ ਸਮਾਂ ਇਕ ਘੰਟੇ ਵਧਾਇਆ ਹੈ। ਇਸ ਦੇ ਨਾਲ-ਨਾਲ ਸਾਰੇ ਚੋਣ ਅਧਿਕਾਰੀਆਂ ਨੂੰ ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾਵੇਗੀ। ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀ ਲਈ ਆਨਲਾਈਨ ਸਹੂਲਤ ਹੋਵੇਗੀ। ਜਮਾਨਤ ਰਾਸ਼ੀ ਵੀ ਆਨਲਾਈਨ ਜਮ੍ਹਾ ਕੀਤੀ ਜਾਵੇਗੀ। ਨਾਮਜ਼ਦਗੀ ਦੇ ਸਮੇਂ 2 ਲੋਕ ਵੀ ਮੌਜੂਦ ਰਹਿ ਸਕਣਗੇ, ਉੱਥੇ ਹੀ ਰੋਡ ਸ਼ੋਅ 'ਚ 5 ਗੱਡੀਆਂ ਲਿਜਾਉਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਡੋਰ ਟੂ ਡੋਰ ਕੈਂਪਨ 'ਚ 5 ਲੋਕ ਹੀ ਜਾਣਗੇ। ਇਸ ਤੋਂ ਇਲਾਵਾ ਸੁਰੱਖਿਆ ਨੂੰ ਲੈ ਕੇ ਚੋਣ ਕਮਿਸ਼ਨ ਨੇ ਦੱਸਿਆ ਕਿ ਆਸਾਮ ਸਮੇਤ 5 ਸੂਬਿਆਂ 'ਚ ਵੋਟਿੰਗ ਲਈ ਸੀ.ਏ.ਪੀ.ਐੱਫ. ਦੀ ਤਾਇਨਾਤੀ ਕੀਤੀ ਜਾਵੇਗੀ।

DIsha

This news is Content Editor DIsha