ਆਸਾਮ-ਮੇਘਾਲਿਆ ''ਚ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

05/26/2020 4:19:15 PM

ਨਵੀਂ ਦਿੱਲੀ-ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਸਾਮ ਅਤੇ ਮੇਘਾਲਿਆਂ 'ਚ 26 ਤੋਂ 28 ਮਈ ਦੌਰਾਨ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਆਈ.ਐੱਮ.ਡੀ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੀ ਮੁਖੀ ਐੱਸ.ਦੇਵੀ ਨੇ ਦੱਸਿਆ ਹੈ ਕਿ ਬੰਗਾਲ ਦੀ ਖਾੜੀ ਤੋਂ ਦੱਖਣੀ-ਪੱਛਮੀ ਹਵਾਵਾਂ ਦੇ ਤੇਜ਼ ਵਹਾਅ ਕਾਰਨ ਇਨ੍ਹਾਂ ਸੂਬਿਆਂ 'ਚ ਨਮੀ ਕਾਫੀ ਵੱਧ ਗਈ ਹੈ। ਇਸ ਤੋਂ ਇਲਾਵਾ ਹੋਰ ਭੂਗੋਲਿਕ ਕਾਰਨਾਂ ਕਰਕੇ ਦੋਵਾਂ ਸੂਬਿਆਂ 'ਚ ਕਾਫੀ ਭਾਰੀ ਬਾਰਿਸ਼ ਹੋਵੇਗੀ। ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜ਼ਿਆਦਾਤਰ ਥਾਵਾਂ 'ਤੇ ਬਾਰਿਸ਼ ਦੀ ਸੰਭਾਵਨਾ ਹੈ ਪਰ ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਕਾਫੀ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦਾ ਅੰਦਾਜ਼ਾ ਹੈ। 

ਆਈ.ਐੱਮ.ਡੀ ਦੇ ਡਾਇਰੈਕਟਰ ਜਨਰਲ ਮੌਤੂੰਜਯ ਮਹਾਪਾਤਰਾ ਨੇ ਦੱਸਿਆ ਹੈ ਕਿ ਆਸਾਮ ਅਤੇ ਮੇਘਾਲਿਆਂ  'ਚ ਅਗਲੇ 3 ਦਿਨਾਂ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉੱਤਰ-ਪੂਰਬੀ ਭਾਰਤ 'ਚ ਜ਼ਿਆਦਾਤਰ ਬਾਰਿਸ਼ ਮਈ ਮਹੀਨੇ 'ਚ ਅਤੇ ਉਸ ਤੋਂ ਬਾਅਦ ਜੂਨ ਮਹੀਨੇ 'ਚ ਹੁੰਦੀ ਹੈ। 

ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੀ ਮੁਖੀ ਐੱਸ. ਦੇਵੀ ਨੇ ਦੱਸਿਆ ਹੈ ਕਿ ਮਾਨਸੂਨ ਦੀ ਰਫਤਾਰ ਚੱਕਰਵਾਤੀ ਤੂਫਾਨ ਅਮਫਾਨ ਕਾਰਨ ਰੁਕ ਗਈ ਸੀ ਅਤੇ ਉਹ ਬੁੱਧਵਾਰ ਤੋਂ ਅੱਗੇ ਵੱਧੇਗਾ। ਆਈ.ਐੱਮ.ਡੀ. ਮੁਤਾਬਕ ਮਾਨਸੂਨ ਦਾ ਸਾਧਾਰਨ ਤਾਰੀਕ ਤੋਂ 4 ਦਿਨ ਬਾਅਦ 5 ਜੂਨ ਨੂੰ ਕੇਰਲ ਪਹੁੰਚਣ ਦੀ ਸੰਭਾਵਨਾ ਹੈ।

ਮਹਾਪਾਤਰਾ ਨੇ ਦੱਸਿਆ ਹੈ ਕਿ 30 ਜੂਨ ਤੋਂ ਅਰਬ ਸਾਗਰ 'ਚ ਘੱਟ ਦਬਾਅ ਦਾ ਖੇਤਰ ਵੀ ਬਣ ਰਿਹਾ ਹੈ। ਘੱਟ ਦਬਾਅ ਦਾ ਖੇਤਰ ਕਿਸੇ ਵੀ ਚੱਕਰਵਾਤ ਦਾ ਪਹਿਲਾ ਪੜਾਅ ਹੁੰਦਾ ਹੈ, ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਇਕ ਘੱਟ ਦਬਾਅ ਵਾਲਾ ਖੇਤਰ ਚੱਕਰਵਾਤ 'ਚ ਹੀ ਬਦਲ ਜਾਵੇ। 

ਆਈ.ਐੱਮ.ਡੀ ਨੇ ਕੇਰਲ ਅਤੇ ਕਰਨਾਟਕ ਦੇ ਤੱਟਾਂ 'ਤੇ ਮਛੇਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ 30 ਮਈ ਤੋਂ 4 ਜੂਨ ਤੱਕ ਡੂੰਘੇ ਸਮੁੰਦਰ 'ਚ ਨਾ ਜਾਣ। ਦੱਸ ਦੇਈਏ ਕਿ ਬਾਰਿਸ਼ 'ਚ ਮੌਸਮ ਵਿਭਾਗ ਰੈੱਡ ਅਲਰਟ ਉਸ ਸਮੇਂ ਜਾਰੀ ਕਰਦਾ ਹੈ, ਜਦੋਂ ਸੂਬੇ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੋਵੇ ਅਤੇ 24 ਘੰਟਿਆਂ 'ਚ 200 ਮਿਮੀ. ਤੱਕ ਜਾਂ ਇਸ ਤੋਂ ਜ਼ਿਆਦਾ ਹੋਵੇ। 


Iqbalkaur

Content Editor

Related News