ਆਸਾਮ ’ਚ ਹੜ੍ਹ ਕਾਰਨ ਮਾੜੇ ਹਾਲਾਤ; ਤਿੰਨ ਦੀ ਮੌਤ, 5 ਲੱਖ ਤੋਂ ਵਧੇਰੇ ਲੋਕ ਹੋਏ ਪ੍ਰਭਾਵਿਤ

09/01/2021 6:16:43 PM

ਗੁਹਾਟੀ— ਆਸਾਮ ਵਿਚ ਵਿਸ਼ਾਲ ਬ੍ਰਹਮਪੁੱਤਰ ਅਤੇ ਉਸ ਦੀਆਂ ਸਹਾਇਕ ਨਦੀਆਂ ਦਾ ਪਾਣੀ ਨਵੇਂ ਖੇਤਰਾਂ ’ਚ ਦਾਖ਼ਲ ਹੋਣ ਨਾਲ ਲੱਗਭਗ 5.74 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਮੋਰੀਗਾਂਵ ਜ਼ਿਲ੍ਹੇ ਵਿਚ ਇਕ ਬੱਚੇ ਦੀ ਹੜ੍ਹ ’ਚ ਡੁੱਬਣ ਨਾਲ ਹੋਈ ਮੌਤ ਮਗਰੋਂ ਸੂਬੇ ਵਿਚ ਹੁਣ ਤਕ ਇਸ ਆਫ਼ਤ ਤੋਂ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੂਬੇ ਦੇ 18 ਜ਼ਿਲ੍ਹਿਆਂ ਵਿਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰੀਬ 5.74 ਤਕ ਪਹੁੰਚ ਗਈ ਹੈ। ਸੂਬੇ ਵਿਚ 39,831 ਹੈਕਟੇਅਰ ਖੇਤੀ ਯੋਗ ਜ਼ਮੀਨ ਹੜ੍ਹ ਤੋਂ ਪ੍ਰਭਾਵਿਤ ਹੋਈ ਹੈ, ਜਿਸ ਵਿਚ ਕਈ ਇਲਾਕਿਆਂ ਵਿਚ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। 

ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ ਹੜ੍ਹ ਕਾਰਨ 3.5 ਲੱਖ ਤੋਂ ਵੱਧ ਘਰੇਲੂ ਪਸ਼ੂ ਅਤੇ ਮੁਰਗੀ ਪਾਲਣ ਖੇਤਰ ਪ੍ਰਭਾਵਿਤ ਹੋਏ ਹਨ। ਇਸ ਦਰਮਿਆਨ ਆਸਾਮ ਵਿਚ ਪ੍ਰਸਿੱਧ ਕਾਜੀਰੰਗਾ ਰਾਸ਼ਟਰੀ ਪਾਰਕ ਦਾ 70 ਫ਼ੀਸਦੀ ਤੋਂ ਵੱਧ ਹਿੱਸਾ ਪਾਣੀ ਵਿਚ ਡੁੱਬਿਆ ਹੋਇਆ ਹੈ। ਜਿਸ ਕਾਰਨ ਮੰਗਲਵਾਰ ਤੱਕ ਹੜ੍ਹ ਕਾਰਨ 9 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਜਾਨਵਰਾਂ ਲਈ ਵੀ ਵੱਡੀ ਮੁਸੀਬਤ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਮੌਜੂਦਾ ਹੜ੍ਹ ਦੀ ਸਥਿਤੀ ’ਤੇ ਗੱਲ ਕੀਤੀ ਅਤੇ ਆਫ਼ਤ ਨਾਲ ਨਜਿੱਠਣ ਲਈ ਕੇਂਦਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਆਸਾਮ ਦੇ 14 ਜ਼ਿਲ੍ਹਿਆਂ ਵਿਚ ਸਰਕਾਰ ਵਲੋਂ 105 ਤੋਂ ਵੱਧ ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ ਕੀਤੇ ਗਏ ਹਨ। 

 

Tanu

This news is Content Editor Tanu