ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ

05/22/2022 1:52:00 PM

ਦੇਵਮਾਲੀ (ਅਰੁਣਾਚਲ ਪ੍ਰਦੇਸ਼)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਵਿਚਾਲੇ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ ਹੈ। ਸ਼ਾਹ ਨੇ ਸ਼ਨੀਵਾਰ ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਨਰੋਤਮ ਨਗਰ ਵਿਖੇ ਰਾਮਕ੍ਰਿਸ਼ਨ ਮਿਸ਼ਨ ਸਕੂਲ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰ-ਪੂਰਬ ਨੂੰ ਅੱਤਵਾਦ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਦੌਰਾਨ ਖੇਤਰ ਦੇ 9000 ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।

ਸ਼ਾਹ ਨੇ ਕਿਹਾ ਕਿ ਕੇਂਦਰ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਲਿਆਉਣ ਲਈ ਵਚਨਬੱਧ ਹੈ। ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੀਆਂ ਸਰਕਾਰਾਂ ਅੰਤਰਰਾਜੀ ਵਿਵਾਦ ਦੇ ਸੁਖਾਵੇਂ ਅਤੇ ਸਥਾਈ ਹੱਲ ਲਈ ਕੰਮ ਕਰ ਰਹੀਆਂ ਹਨ। ਉੱਤਰ-ਪੂਰਬ ਦੇ ਨੌਜਵਾਨ ਹੁਣ ਆਪਣੇ ਕੋਲ ਬੰਦੂਕਾਂ ਅਤੇ ਪੈਟਰੋਲ ਬੰਬ ਨਹੀਂ ਰੱਖਦੇ। ਉਹ ਹੁਣ ਲੈਪਟਾਪ ਦੇ ਮਾਲਕ ਹਨ ਅਤੇ ਸਟਾਰਟਅੱਪ ਸ਼ੁਰੂ ਕਰ ਰਹੇ ਹਨ। ਇਹ ਵਿਕਾਸ ਦਾ ਉਹ ਮਾਰਗ ਹੈ ਜਿਸਦੀ ਕੇਂਦਰ ਨੇ ਇਸ ਖੇਤਰ ਲਈ ਕਲਪਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਮਣੀਪੁਰ ਜੋ ਪਹਿਲਾਂ ਸਾਲ ’ਚ 200 ਤੋਂ ਵੱਧ ਦਿਨਾਂ ਤੱਕ ਬੰਦ ਅਤੇ ਨਾਕਾਬੰਦੀ ਲਈ ਜਾਣਿਆ ਜਾਂਦਾ ਸੀ, ਹੁਣ ਭਾਜਪਾ ਦੇ ਪਿਛਲੇ 5 ਸਾਲਾਂ ਦੇ ਰਾਜ ਦੌਰਾਨ ਬਿਨਾਂ ਕਿਸੇ ਬੰਦ ਤੋਂ ਚਲ ਰਿਹਾ ਹੈ । ਇੱਥੇ ਤਬਦੀਲੀ ਦੀ ਹਵਾ ਦੇਖੀ ਜਾ ਰਹੀ ਹੈ। ਬੋਡੋਲੈਂਡ ਦੀ ਬਗਾਵਤ ਨੂੰ ਬੋਡੋ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕਰ ਕੇ ਹੱਲ ਕੀਤਾ ਗਿਆ ਸੀ। ਤ੍ਰਿਪੁਰਾ ਵਿੱਚ ਅੱਤਵਾਦੀ ਗਰੁਪਾਂ ਦਾ ਸਮਰਪਣ ਅਤੇ ਬਰੂ ਸ਼ਰਨਾਰਥੀ ਮੁੱਦੇ ਦਾ ਹੱਲ ਮੋਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਆਸਾਮ ਦੇ ਕਾਰਬੀ ਐਂਗਲੌਂਗ ਵਿੱਚ ਸ਼ਾਂਤੀ ਲਿਆਉਣ ਲਈ ਪਹਿਲ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਦੇ ਵਿਕਾਸ ਲਈ ਤਿੰਨ-ਪੱਧਰੀ ਏਜੰਡਾ ਤਿਆਰ ਕੀਤਾ ਗਿਆ ਹੈ। ਪਹਿਲਾਂ ਅਸੀਂ ਇਸ ਖੇਤਰ ਦੇ ਸਵਦੇਸ਼ੀ ਸਭਿਆਚਾਰਾਂ ਅਤੇ ਭਾਸ਼ਾਵਾਂ ਨੂੰ ਸੁਰੱਖਿਅਤ ਅਤੇ ਪ੍ਰਫੁੱਲਤ ਕਰਾਂਗੇ। ਦੂਜਾ ਅਸੀਂ ਉੱਤਰ ਪੂਰਬੀ ਰਾਜਾਂ ਵਿਚਕਾਰ ਸਾਰੇ ਵਿਵਾਦਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਇਸ ਨੂੰ ਕੱਟੜਵਾਦ ਤੋਂ ਮੁਕਤ ਕਰਨਾ ਚਾਹੁੰਦੇ ਹਾਂ। ਤੀਜਾ ਅਸੀਂ ਦੇਸ਼ ਦੇ 8 ਰਾਜਾਂ ਨੂੰ ਸਭ ਤੋਂ ਵਿਕਸਤ ਬਣਾਉਣਾ ਚਾਹੁੰਦੇ ਹਾਂ।

Rakesh

This news is Content Editor Rakesh