ਅਸਾਮ: ਹਾਥੀਆਂ ਅਤੇ ਬੁਲਡੋਜ਼ਰਾਂ ਨਾਲ ਗ਼ੈਰ-ਕਾਨੂੰਨੀ ਕਬਜ਼ੇ ਹਟਾ ਰਹੀ ਸਰਕਾਰ, 550 ਘਰ ਤੋੜੇ

11/09/2021 12:23:31 AM

ਗੁਹਾਟੀ - ਅਸਾਮ ਸਰਕਾਰ ਨੇ ਲੁਮਡਿੰਗ ਰਿਜ਼ਰਵ ਜੰਗਲ ਵਿੱਚ ਗੈਰ-ਕਾਨੂੰਨੀ ਤੌਰ 'ਤੇ ਵੱਸਣ ਵਾਲਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਇਹ ਕਾਰਵਾਈ ਗੁਹਾਟੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸੇ ਵੀ ਤਣਾਅ ਵਾਲੀ ਸਥਿਤੀ ਤੋਂ ਬਚਣ ਲਈ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.), ਅਸਾਮ ਪੁਲਸ ਸਮੇਤ 1000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਹੋਜਈ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਖਵੀਂ ਜੰਗਲ ਦੀ ਜ਼ਮੀਨ ਅੰਦਰ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ ਹਾਥੀਆਂ, ਬੁਲਡੋਜ਼ਰਾਂ ਦੀ ਵਰਤੋਂ ਕੀਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਬਜ਼ੇ ਕਰਨ ਵਾਲੇ ਆਪਣੇ ਘਰ ਛੱਡ ਚੁੱਕੇ ਹਨ। ਸੋਮਵਾਰ ਨੂੰ 555 ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ। ਇਹ ਮੁਹਿੰਮ ਮੰਗਲਵਾਰ ਨੂੰ ਵੀ ਜਾਰੀ ਰਹੇਗੀ।

ਇਹ ਵੀ ਪੜ੍ਹੋ - ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ

ਇਸ ਤੋਂ ਪਹਿਲਾਂ ਅਸਾਮ ਸਰਕਾਰ ਨੇ ਦਾਰੰਗ ਜ਼ਿਲ੍ਹੇ ਦੇ ਧੌਲਪੁਰ ਗੋਰੂਖੁਤੀ ਇਲਾਕੇ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਸੀ। ਇਸ ਦੌਰਾਨ ਪੁਲਸ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋ ਗਈ, ਜਿਸ ਵਿਚ ਦੋ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ 9 ਪੁਲਸ ਕਰਮਚਾਰੀ ਜ਼ਖਮੀ ਹੋ ਗਏ।  

ਰਿਪੋਰਟ ਮੁਤਾਬਕ ਹੋਜਈ ਜ਼ਿਲ੍ਹੇ 'ਚ ਸਥਿਤ ਲੁਮਡਿੰਗ ਰਿਜ਼ਰਵ ਫੋਰੈਸਟ 22,403 ਹੈਕਟੇਅਰ ਖੇਤਰ 'ਚ ਫੈਲਿਆ ਹੋਇਆ ਹੈ। ਇਸ ਵਿੱਚ 1410 ਹੈਕਟੇਅਰ 'ਤੇ ਲੋਕਾਂ ਦਾ ਕਬਜ਼ਾ ਹੈ। ਇਸ ਦੇ ਨਾਲ ਹੀ ਸੀ.ਐੱਮ. ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੋਮਵਾਰ ਨੂੰ ਲਗਭਗ 1500 ਪਰਿਵਾਰਾਂ ਨੂੰ ਲੁਮਡਿੰਗ ਰਿਜ਼ਰਵ ਫੋਰੈਸਟ ਤੋਂ ਹਟਾ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati