ਧਾਰਮਿਕ ਸਮਾਗਮ ’ਚ ਪ੍ਰਸਾਦ ਖਾਣ ਮਗਰੋਂ 18 ਲੋਕ ਬੀਮਾਰ, ਹਸਪਤਾਲ ’ਚ ਦਾਖ਼ਲ

08/06/2022 1:54:44 PM

ਮਾਜੁਲੀ- ਆਸਾਮ ਦੇ ਮਾਜੁਲੀ ਜ਼ਿਲ੍ਹੇ ’ਚ ਇਕ ਧਾਰਮਿਕ ਸਮਾਗਮ ’ਚ ਪ੍ਰਸਾਦ ਖਾਣ ਨਾਲ ਘੱਟੋ-ਘੱਟ 18 ਲੋਕ ਬੀਮਾਰ ਹੋ ਗਏ। ਘਟਨਾ ਸ਼ੁੱਕਰਵਾਰ ਰਾਤ ਨਦੀ ਟਾਪੂ ਜ਼ਿਲ੍ਹੇ ਦੇ ਗਰਮੂਰ ਨੇੜੇ ਮਹਾਰਿਚੁਕ ਇਲਾਕੇ ’ਚ ਵਾਪਰੀ। ਰਿਪੋਰਟਾਂ ਮੁਤਾਬਕ ਇਕ ਧਾਰਮਿਕ ਸਮਾਗਮ ’ਚ ਪਿੰਡ ਦੇ ਲੋਕ ਸ਼ਾਮਲ ਹੋਏ ਅਤੇ ਪ੍ਰਸਾਦ ਖਾਣ ਦੇ ਤੁਰੰਤ ਬਾਅਦ ਲੋਕਾਂ ਨੇ ਢਿੱਡ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ। 

ਤਿੰਨ ਬੱਚਿਆਂ ਸਮੇਤ 18 ਲੋਕਾਂ ਨੂੰ ਤੁਰੰਤ ਸ਼੍ਰੀ ਸ਼੍ਰੀ ਪੀਤਾਂਬਰ ਦੇਵ ਗੋਸਵਾਮੀ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਓਧਰ ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਜ਼ਹਿਰ ਵਾਲਾ ਪ੍ਰਸਾਦ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਮਾਜੁਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੁਲਸ ਮਹੰਤ ਨੇ ਦੱਸਿਆ ਕਿ ਲੋਕਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

ਉੱਥੇ ਹੀ ਜ਼ਿਲ੍ਹਾ ਹਸਪਤਾਲ ਦੇ ਪ੍ਰਧਾਨ ਡਾ. ਅਮੁੱਲ ਗੋਸਵਾਮੀ ਨੇ ਦੱਸਿਆ ਕਿ ਹਸਪਤਾਲ ’ਚ ਦਾਖ਼ਲ 18 ਲੋਕਾਂ ’ਚੋਂ 3 ਬੱਚੇ ਹਨ ਅਤੇ 11 ਔਰਤਾਂ ਹਨ। ਬੀਤੀ ਰਾਤ 12 ਲੋਕ ਢਿੱਡ ਦਰਦ ਅਤੇ ਉਲਟੀ ਦੀ ਸ਼ਿਕਾਇਤ ਮਗਰੋਂ ਹਸਪਤਾਲ ’ਚ ਆਏ। ਅੱਜ ਸਵੇਰੇ 6 ਹੋਰ  ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਸਾਨੂੰ ਸ਼ੱਕ ਹੈ ਕਿ ਇਹ ਭੋਜਨ ’ਚ ਜ਼ਹਿਰ ਦਾ ਮਾਮਲਾ ਹੈ। 

Tanu

This news is Content Editor Tanu