‘ਇਹ ਮਸਲਾ ਇੰਝ ਹੱਲ ਹੋਣ ਵਾਲਾ ਨਹੀਂ, ਕਿਸਾਨਾਂ ਨਾਲ ਰੋਜ਼ ਗੱਲਬਾਤ ਕਰੇ ਸਰਕਾਰ’

01/05/2021 1:04:14 PM

ਜੈਪੁਰ— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਹਰ ਬੈਠਕ ਦਰਮਿਆਨ ਸਮਾਂ ਨਾ ਲੈ ਕੇ ਰੋਜ਼ਾਨਾ ਗੱਲਬਾਤ ਕਰ ਕੇ ਉਨ੍ਹਾਂ ਦੇ ਹਿੱਤ ’ਚ ਫ਼ੈਸਲਾ ਲੈਣਾ ਚਾਹੀਦਾ ਹੈ। ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਬੈਠਕ ਦਰਮਿਆਨ ਚਾਰ ਦਿਨ ਦਾ ਸਮਾਂ ਕਿਉਂ ਲੈ ਰਹੀ ਹੈ? ਕਿਸਾਨ ਆਪਣਾ ਰੁਖ਼ ਸਾਫ਼ ਕਰ ਚੁੱਕੇ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਠੰਡ ਦੇ ਮੌਸਮ ’ਚ ਸਰਕਾਰ ਨੂੰ ਰੋਜ਼ਾਨਾ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਹਿੱਤ ’ਚ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਭਾਵਨਾ ਨੂੰ ਵੇਖ ਕੇ ਜੇਕਰ ਸਰਕਾਰ ਨੂੰ ਕੋਈ ਕਾਨੂੰਨ ਵਾਪਸ ਲੈਣਾ ਪਵੇ ਤਾਂ ਲੋਕਤੰਤਰ ਵਿਚ ਉਸ ਦਾ ਸਵਾਗਤ ਕੀਤਾ ਜਾਂਦਾ ਹੈ।

ਕੇਂਦਰ ਸਰਕਾਰ ਨੂੰ ਇਸ ਨੂੰ ਆਪਣੇ ਵੱਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਕਿਸਾਨ ਸਾਡੇ ਅੰਨਦਾਤਾ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਓਧਰ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਡੇ ਨੌਜਵਾਨਾਂ ’ਤੇ ਬੇਰੁਜ਼ਗਾਰੀ ਦਾ ਬੋਝ ਪਾਉਣ ਅਤੇ ਕਿਸਾਨਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਦੇਸ਼-ਵਿਰੋਧੀ ਵਿਚਾਰਧਾਰਾ ਦਾ ਪ੍ਰਤੀਕ ਹੈ। ਕੇਂਦਰ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੀ ਕਿਸਾਨ ਸ਼ਕਤੀ ਅਤੇ ਯੁਵਾ ਸ਼ਕਤੀ ਭਾਜਪਾ ਦੇ ਝੂਠ ਅਤੇ ਅਨਿਆਂ ਦੀ ਨੀਂਹ ਨੂੰ ਹਿਲਾਉਣ ’ਚ ਸਮਰੱਥ ਹੈ। ਪਾਇਲਟ ਨੇ ਕਿਹਾ ਕਿ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਹੀ ਸਾਨੂੰ ਅੰਨ ਮਿਲਦਾ ਹੈ। ਕਾਲੇ ਕਾਨੂੰਨ ਥੋਪ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅੰਦੋਲਨ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਲਾਠੀ-ਗੋਲੀ ਦੇ ਦਮ ’ਤੇ ਦਬਾਉਣ ਦੀ ਕੋਸ਼ਿਸ਼ ਇਹ ਦਰਸਾਉਂਦਾ ਹੈ ਕਿ ਭਾਜਪਾ ’ਚ ਕਿਸਾਨਾਂ ਦੀ ਭਾਵਨਾ ਨੂੰ ਸਮਝਣ ਦੀ ਯੋਗਤਾ ਨਹੀਂ ਹੈ।


Tanu

Content Editor

Related News