ਅਰਵਿੰਦਰ ਸਿੰਘ ਲਵਲੀ ਦੀ ਕਾਂਗਰਸ ''ਚ ਵਾਪਸੀ

02/18/2018 12:24:29 AM

ਨਵੀਂ ਦਿੱਲੀ,(ਭਾਸ਼ਾ)—ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਸ਼ਨੀਵਾਰ ਕਾਂਗਰਸ 'ਚ ਵਾਪਸੀ ਹੋ ਗਈ। ਕੁਝ ਮਹੀਨੇ ਪਹਿਲਾਂ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਲਵਲੀ ਨੇ ਕਿਹਾ ਕਿ ਭਾਜਪਾ ਵਿਚਾਰਕ ਪੱਖੋਂ ਬੇਮੇਲ ਸੀ। 
ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਸਰਕਾਰ 'ਚ ਸਾਬਕਾ ਮੰਤਰੀ ਰਹੇ ਲਵਲੀ ਨੇ ਪਹਿਲਾਂ ਪਾਰਟੀ ਪ੍ਰਧਾਨ ਰਾਹੁਲ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ। ਰਾਹੁਲ ਨੇ ਪਾਰਟੀ 'ਚ ਉਨ੍ਹਾਂ ਦਾ ਸਵਾਗਤ ਕੀਤਾ। 
ਲਵਲੀ ਦੇ ਪਾਰਟੀ 'ਚ ਆਉਣ ਦਾ ਐਲਾਨ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਦਿੱਲੀ ਇੰਚਾਰਜ ਪੀ. ਸੀ. ਚਾਕੋ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਅਜੇ ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਲਵਲੀ ਨੇ ਇਸ ਮੌਕੇ 'ਤੇ ਕਿਹਾ ਕਿ ਜਦੋਂ ਮੈਂ ਕਾਂਗਰਸ ਛੱਡੀ ਸੀ ਤਾਂ ਮੈਨੂੰ ਚੰਗਾ ਨਹੀਂ ਲੱਗਾ ਸੀ। ਭਾਜਪਾ 'ਚ ਵਿਚਾਰਕ ਪੱਖੋਂ ਮੈਂ ਬੇਮੇਲ ਸੀ।  ਭਾਜਪਾ 'ਚ ਸ਼ਾਮਲ ਹੋਣ ਦਾ ਮੇਰਾ ਫੈਸਲਾ ਕਾਫੀ ਦੁਖ ਭਰਿਆ ਸੀ। 
ਲਵਲੀ ਦੀ ਪਾਰਟੀ 'ਚ ਵਾਪਸੀ ਨੂੰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਹੋਣ ਵਾਲੀਆਂ ਸੰਭਾਵਿਤ ਉਪ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਮੁੱਠ ਕਰਨ ਦੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ।