ਦਿੱਲੀ 'ਚ ਮੁੜ 'ਕੇਜਰੀਵਾਲ ਸਰਕਾਰ', ਰਾਮਲੀਲਾ ਮੈਦਾਨ 'ਚ 16 ਨੂੰ ਚੁੱਕਣਗੇ ਸਹੁੰ

02/12/2020 11:59:36 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਭਾਵ 16 ਫਰਵਰੀ 2020 ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਿਛਲੀ ਵਾਰ ਵਾਂਗ ਇਸ ਵਾਰ ਵੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੀ ਸਹੁੰ ਚੁੱਕ ਸਮਾਗਮ ਹੋਵੇਗਾ, ਜਿੱਥੇ ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਦੇ ਮੰਤਰੀ ਵੀ ਸਹੁੰ ਚੁੱਕਣਗੇ। ਬੁੱਧਵਾਰ ਸਵੇਰੇ ਕੇਜਰੀਵਾਲ ਉੱਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰਨ ਪੁੱਜੇ। ਚੋਣ ਨਤੀਜਿਆਂ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰਸਮੀ ਮੁਲਾਕਾਤ ਹੈ। ਇਹ ਬੈਠਕ ਕਰੀਬ 15 ਮਿੰਟ ਤਕ ਚਲੀ। ਸੂਤਰਾਂ ਨੇ ਦੱਸਿਆ ਕਿ ਦੋਹਾਂ ਨੇ ਸਹੁੰ ਚੁੱਕ ਸਮਾਰੋਹ 'ਤੇ ਚਰਚਾ ਕੀਤੀ। ਪ੍ਰਕਿਰਿਆ ਤਹਿਤ ਮੁੜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਕੇਜਰੀਵਾਲ ਆਪਣਾ ਅਸਤੀਫਾ ਦੇਣਗੇ। ਕੇਜਰੀਵਾਲ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਵੀ ਬੈਠਕ ਕਰਨਗੇ। ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਕੇਜਰੀਵਾਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਨਗੇ, ਜਿਸ ਤੋਂ ਬਾਅਦ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

ਦੱਸਣਯੋਗ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਨੇ 70 'ਚੋਂ 62 ਸੀਟਾਂ ਨਾਲ ਪੂਰਨ ਬਹੁਮਤ ਨਾਲ ਜਿੱਤ ਹਾਸਲ ਕੀਤੀ। ਜਿੱਤ ਤੋਂ ਕੇਜਰੀਵਾਲ ਤੀਜੀ ਵਾਰ ਸਰਕਾਰ ਬਣਾਉਣਗੇ। 'ਆਪ' ਪਾਰਟੀ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਕੇ ਭਾਜਪਾ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਅਤੇ ਕਾਂਗਰਸ ਵੀ ਪੂਰੀ ਤਰ੍ਹਾਂ ਫੇਲ ਹੋ ਗਈ। ਦਿੱਲੀ ਚੋਣਾਂ 'ਚ ਭਾਜਪਾ ਨੂੰ ਸਿਰਫ 8 ਸੀਟਾਂ ਮਿਲੀਆਂ। ਕਾਂਗਰਸ ਪਿਛਲੀ ਵਾਰ ਵਾਂਗ ਇਸ ਵਾਰ ਵੀ ਖਾਤਾ ਵੀ ਨਹੀਂ ਖੋਲ੍ਹ ਸਕੀ। ਜਨਤਾ ਨੇ 'ਆਪ' ਦੇ 'ਚੰਗੇ ਬੀਤੇ ਪੰਜ ਸਾਲ' ਦੇ ਦਾਅਵੇ 'ਤੇ ਮੋਹਰ ਲਾਉਂਦੇ ਹੋਏ ਅਗਲੇ 5 ਸਾਲ ਲਈ 'ਲੱਗੇ ਰਹੋ ਕੇਜਰੀਵਾਲ' ਦਾ ਜਨਾਦੇਸ਼ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਵਿਧਾਨ ਸਭਾ ਚੋਣ ਨਤੀਜਿਆਂ ਵਿਚ 'ਆਪ' ਨੇ ਇਤਿਹਾਸਕ ਪ੍ਰਦਰਸ਼ਨ ਦੋਹਰਾਉਂਦੇ ਹੋਏ 70 'ਚੋਂ 62 ਸੀਟਾਂ ਜਿੱਤ ਕੇ ਸੱਤਾ 'ਚ ਜ਼ਬਰਦਸਤ ਵਾਪਸੀ ਕੀਤੀ।


Tanu

Content Editor

Related News