ਕੇਜਰੀਵਾਲ ਦਾ ਮਾਇਆਵਤੀ ਨੂੰ ਜਵਾਬ- ਮੰਦਰ ਸੁੱਟਣ ''ਚ ਸਾਡਾ ਹੱਥ ਨਹੀਂ

08/14/2019 4:06:51 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਤੁਗਲਕਾਬਾਦ 'ਚ ਸੰਤ ਰਵਿਦਾਸ ਮੰਦਰ ਸੁੱਟੇ ਜਾਣ 'ਤੇ ਰਾਜਨੀਤੀ ਤੇਜ਼ ਹੋ ਗਈ ਹੈ। ਬੁੱਧਵਾਰ ਸਵੇਰੇ ਇਸ ਮਸਲੇ 'ਤੇ ਟਵੀਟ ਕਰਦੇ ਹੋਏ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਿੱਲੀ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਸੀ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਦਿੱਲੀ 'ਚ ਜ਼ਮੀਨ ਕੇਂਦਰ ਦੇ ਅਧੀਨ ਆਉਂਦੀ ਹੈ, ਅਜਿਹੇ 'ਚ ਮੰਦਰ ਸੁੱਟੇ ਜਾਣ 'ਚ ਸਾਡੀ ਸਰਕਾਰ ਦਾ ਕੋਈ ਹੱਥ ਨਹੀਂ ਹੈ। ਦਰਅਸਲ ਮਾਇਆਵਤੀ ਨੇ ਬੁੱਧਵਾਰ ਸਵੇਰੇ ਟਵੀਟ ਕਰ ਕੇ ਲਿਖਿਆ ਸੀ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੀ ਮਿਲੀਭਗਤ ਨਾਲ ਤੁਗਲਕਾਬਾਦ ਖੇਤਰ 'ਚ ਬਣਿਆ ਸੰਤ ਰਵਿਦਾਸ ਮੰਦਰ ਸੁੱਟਿਆ ਗਿਆ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ।ਹੁਣ ਇਸ 'ਤੇ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,''ਮਾਇਆਵਤੀ ਜੀ, ਮੰਦਰ ਦੇ ਸੁੱਟੇ ਜਾਣ ਨਾਲ ਅਸੀਂ ਸਾਰੇ ਲੋਕ ਬੇਹੱਦ ਦੁਖੀ ਹਾਂ। ਇਸ ਦਾ ਸਖਤ ਵਿਰੋਧ ਕਰਦੇ ਹਾਂ, ਮੈਨੂੰ ਦੁਖ ਹੈ ਕਿ ਤੁਸੀਂ ਕੇਂਦਰ ਨਾਲ ਇਸ ਲਈ ਸਾਨੂੰ ਦੋਸ਼ੀ ਮੰਨਦੇ ਹੋ। ਦਿੱਲੀ 'ਚ ਜ਼ਮੀਨ ਕੇਂਦਰ ਸਰਕਾਰ ਦ ੇਅਧੀਨ ਆਉਂਦੀ ਹੈ, ਸਾਡੀ ਸਰਕਾਰ ਦਾ ਇਸ ਮੰਦਰ ਦੇ ਸੁੱਟੇ ਜਾਣ 'ਚ ਕੋਈ ਹੱਥ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਨੇ ਤੁਗਲਕਾਬਾਦ ਸਥਿਤ ਸੰਤ ਰਵਿਦਾਸ ਮੰਦਰ ਨੂੰ ਢਾਹ ਦਿੱਤਾ ਸੀ। ਇਸ ਕਾਰਨ ਦਲਿਤ ਸਮਾਜ 'ਚ ਨਾਰਾਜ਼ਗੀ ਹੈ। ਇਸ ਨਾਰਾਜ਼ਗੀ ਦਾ ਅਸਰ ਨਾ ਸਿਰਫ਼ ਦਿੱਲੀ ਸਗੋਂ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਹੀ ਪੰਜਾਬ 'ਚ ਕਈ ਸ਼ਹਿਰਾਂ 'ਚ ਦਲਿਤ ਸਮਾਜ ਨੇ ਪੰਜਾਬ ਬੰਦ ਬੁਲਾਇਆ ਸੀ, ਜਿਸ ਦਾ ਅਸਰ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਵਰਗੇ ਵੱਡੇ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਿਹਾ ਸੀ। ਕਈ ਜਗ੍ਹਾ ਇਸ ਘਟਨਾ ਦੇ ਵਿਰੋਧ 'ਚ ਪ੍ਰਦਰਸ਼ਨ ਵੀ ਹੋਇਆ, ਜਿੱਥੇ ਪੁਲਸ ਨੂੰ ਹਵਾਈ ਫਾਈਰਿੰਗ ਕਰਨੀ ਪਈ।

DIsha

This news is Content Editor DIsha