ਸਮਾਜਿਕ ਵਰਕਰ ਤੋਂ ਸਫਲ ਰਾਜ ਨੇਤਾ ਬਣੇ ਕੇਜਰੀਵਾਲ, ਇਸ ਤਰ੍ਹਾਂ ਦਾ ਰਿਹੈ ਸਿਆਸੀ ਸਫਰ

02/16/2020 4:52:05 PM

ਨਵੀਂ ਦਿੱਲੀ (ਵਾਰਤਾ)— ਧਰਨਾ-ਪ੍ਰਦਰਸ਼ਨ ਅਤੇ ਅੰਦੋਲਨਾਂ ਜ਼ਰੀਏ ਲੋਕਾਂ ਵਿਚਾਲੇ ਜੁਝਾਰੂ ਸ਼ਖਸੀਅਤ ਦੀ ਪਛਾਣ ਬਣਾਉਣ ਵਾਲੇ ਆਮ ਆਦਮੀ ਪਾਟਰੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਲ 2012 ਦੇ ਨਵੰਬਰ ਮਹੀਨੇ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਫਿਰ ਪਿਛੇ ਮੁੜ ਕੇ ਨਹੀਂ ਦੇਖਿਆ। ਐਤਵਾਰ ਭਾਵ ਅੱਜ ਉਨ੍ਹਾਂ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। 

ਆਓ ਜਾਣਦੇ ਹਾਂ ਕੇਜਰੀਵਾਲ ਦੇ ਰਾਜ ਨੇਤਾ ਬਣਨ ਤਕ ਦਾ ਸਫਰ—
ਕੇਜਰੀਵਾਲ ਭਾਰਤੀ ਮਾਲੀਆ ਸੇਵਾ ਦੀ ਨੌਕਰੀ ਛੱਡ ਕੇ ਸਮਾਜਿਕ ਵਰਕਰ ਬਣੇ ਅਤੇ ਸਰਕਾਰੀ ਕੰਮਕਾਜ 'ਚ ਪਾਰਦਰਸ਼ਤਾ ਲਿਆਉਣ ਲਈ ਸਖਤ ਮਿਹਨਤ ਕੀਤੀ। ਸੂਚਨਾ ਦਾ ਅਧਿਕਾਰ ਕਾਨੂੰਨ ਬਣਾਉਣ ਲਈ ਉਨ੍ਹਾਂ ਨੇ ਸਖਤ ਸੰਘਰਸ਼ ਕੀਤਾ। ਸਰਕਾਰ ਨੂੰ ਲੋਕ ਹਿੱਤਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਸੰਘਰਸ਼ਾਂ ਲਈ ਉਨ੍ਹਾਂ ਨੂੰ 2006 'ਚ ਮੈਗਸੇਸੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਭ੍ਰਿਸ਼ਟਾਚਾਰ ਵਿਰੁੱਧ ਛੇੜੇ ਗਏ ਅੰਦੋਲਨ ਦਾ ਹਿੱਸਾ ਬਣੇ—
ਸਾਲ 2011 ਵਿਚ ਕੇਜਰੀਵਾਲ, ਭ੍ਰਿਸ਼ਟਾਚਾਰ ਵਿਰੁੱਧ ਛੇੜੇ ਗਏ ਅੰਦੋਲਨ ਲਈ ਉੱਘੇ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਲਹਿਰ 'ਚ ਸਰਗਰਮੀ ਨਾਲ ਹਿੱਸਾ ਲਿਆ। ਉਹ ਇਸ ਅੰਦੋਲਨ ਦਾ ਇਕ ਮੁੱਖ ਚਿਹਰਾ ਬਣ ਕੇ ਉੱਭਰੇ। ਕੇਜਰੀਵਾਲ ਨੇ ਰਾਮਲੀਲਾ ਮੈਦਾਨ ਅਤੇ ਜੰਤਰ-ਮੰਤਰ ਵਿਖੇ ਅੰਨਾ ਹਜ਼ਾਰੇ ਦੇ ਮਰਨ ਵਰਤ 'ਤੇ ਬੈਠਣ ਵਰਗੇ ਸਮਾਗਮਾਂ ਦੇ ਆਯੋਜਨ ਵਿਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ 2 ਅਕਤੂਬਰ 2012 ਨੂੰ ਆਮ ਆਦਮੀ ਪਾਰਟੀ (ਆਪ) ਬਣਾਈ। 

16 ਅਗਸਤ 1968 ਨੂੰ ਜਨਮੇ—
16 ਅਗਸਤ 1968 ਨੂੰ ਹਰਿਆਣਾ ਦੇ ਸਿਵਾਨੀ 'ਚ ਜਨਮੇ ਕੇਜਰੀਵਾਲ ਨੇ ਭਾਰਤੀ ਤਕਨਾਲੋਜੀ ਸੰਸਥਾ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਕੁਝ ਦਿਨਾਂ ਤਕ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਪ੍ਰਸ਼ਾਸਨਕ ਸੇਵਾ (ਆਈ. ਏ. ਐੱਸ.) ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਭਾਰਤੀ ਮਾਲੀਆ ਸੇਵਾ ਲਈ ਚੁਣਿਆ ਗਿਆ। ਉਹ ਆਮਦਨ ਟੈਕਸ ਵਿਭਾਗ 'ਚ ਜੁਆਇੰਟ ਕਮਿਸ਼ਨਰ ਦੇ ਅਹੁਦੇ 'ਤੇ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮਾਜਿਕ ਕੰਮਾਂ 'ਚ ਰੁੱਝ ਗਏ। 

ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ—
ਕੇਜਰੀਵਾਲ ਨੇ ਐਤਵਾਰ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਉਹ 2013 'ਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਨੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਸੀ ਪਰ ਲੋਕਪਾਲ ਦੇ ਮੁੱਦੇ 'ਤੇ ਮਤਭੇਦ ਹੋਣ ਤੋਂ ਬਾਅਦ 49 ਦਿਨਾਂ 'ਚ ਹੀ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ 2015 'ਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ 'ਆਪ' ਨੇ 70 'ਚੋਂ 67 ਸੀਟਾਂ ਜਿੱਤ ਕੇ ਰਿਕਾਰਡ ਬਣਾ ਦਿੱਤਾ। ਇਸ ਵਾਰ ਫਿਰ 70 'ਚੋਂ 62 ਸੀਟਾਂ ਜਿੱਤ ਕੇ 'ਆਪ' ਦਿੱਲੀ ਦੀ ਸੱਤਾ 'ਤੇ ਮੁੜ ਕਾਬਜ਼ ਹੋਈ। ਕੇਜਰੀਵਾਲ ਨਾਲ ਮਨੀਸ਼ ਸਿਸੋਦੀਆ, ਸੱਤਿਯੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।


Tanu

Content Editor

Related News