ਸਹੁੰ ਚੁੱਕਣ ਮਗਰੋਂ ਬੋਲੇ ਕੇਜਰੀਵਾਲ- ਦਿੱਲੀ ਦੇ ਵਿਕਾਸ ਲਈ ਮੋਦੀ ਦਾ ਆਸ਼ੀਰਵਾਦ ਚਾਹੁੰਦਾ ਹਾਂ

02/16/2020 1:01:22 PM

ਨਵੀਂ ਦਿੱਲੀ— ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਮਗਰੋਂ ਕੇਜਰੀਵਾਲ ਨੇ ਰਾਮਲੀਲਾ ਮੈਦਾਨ 'ਚ ਆਏ ਸਮਰਥਕਾਂ ਅਤੇ ਮਹਿਮਾਨਾਂ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਦੇਸ਼ ਦੀ ਰਾਜਨੀਤੀ ਬਦਲ ਦੇਣ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਦਿੱਲੀ ਨੂੰ ਦੁਨੀਆ ਭਰ 'ਚ ਨੰਬਰ ਵਨ ਸ਼ਹਿਰ ਬਣਾਉਣ ਲਈ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ ਅਤੇ ਇਸ ਲਈ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸ਼ੀਰਵਾਦ ਦੀ ਵੀ ਲੋੜ ਹੋਵੇਗੀ। ਦਿੱਲੀ ਵਾਲਿਆਂ ਨੇ ਵਿਕਾਸ ਨੂੰ ਤਰਜੀਹ ਦੇ ਕੇ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦਾ ਕੰਮ ਕੀਤਾ ਹੈ। 

ਜਿੱਤ ਦਾ ਸਿਹਰਾ ਦਿੱਲੀ ਦੀ ਜਨਤਾ ਨੂੰ ਦਿੱਤਾ—
ਰਾਮਲੀਲਾ ਮੈਦਾਨ 'ਚ ਜੁਟੀ ਭੀੜ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ  'ਆਪ' ਦੀ ਇਤਿਹਾਸਕ ਜਿੱਤ ਦਾ ਸਿਹਰਾ ਦਿੱਲੀ ਦੀ ਜਨਤਾ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਸਾਡੀ ਕੋਸ਼ਿਸ਼ ਰਹੀ ਕਿ ਦਿੱਲੀ ਦਾ ਕਿਵੇਂ ਬਿਹਤਰ ਵਿਕਾਸ ਹੋਵੇ। ਅਗਲੇ 5 ਸਾਲ ਵੀ ਇਹ ਹੀ ਕੋਸ਼ਿਸ਼ ਰਹੇਗੀ। 

2 ਕਰੋੜ ਦਿੱਲੀ ਵਾਲੇ ਲੋਕ ਮੇਰਾ ਪਰਿਵਾਰ ਹੈ—
ਕੇਜਰੀਵਾਲ ਨੇ ਕਿਹਾ ਕਿ ਹੁਣ 2 ਕਰੋੜ ਦਿੱਲੀ ਵਾਲੇ ਲੋਕ ਮੇਰਾ ਪਰਿਵਾਰ ਹਨ। ਮੈਂ 'ਆਪ' ਦੀ ਵੀ ਮੁੱਖ ਮੰਤਰੀ ਹਾਂ ਅਤੇ ਭਾਜਪਾ-ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਸਮਰਥਕਾਂ ਦਾ ਵੀ ਮੁੱਖ ਮੰਤਰੀ ਹਾਂ। ਪਿਛਲੇ 5 ਸਾਲਾਂ 'ਚ ਮੈਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ। ਸਾਰਿਆਂ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਕੀਤੇ। ਹੁਣ ਵੀ ਮੈਂ ਸਾਰਿਆਂ ਦੇ ਕੰਮ ਕਰਾਂਗਾ। ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ, ਅਮੀਰ ਜਾਂ ਗਰੀਬ ਹੋਵੇ। 

ਭਾਰਤ ਮਾਤਾ ਦੀ ਜਯ, ਇਨਕਲਾਬ ਜ਼ਿੰਦਾਬਾਦ ਦੇ ਲਾਏ ਨਾਅਰੇ—
ਕੇਜਰੀਵਾਲ ਨੇ ਭਾਸ਼ਣ ਦੌਰਾਨ ਭਾਰਤ ਮਾਤਾ ਦੀ ਜਯ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਸਾਰੇ ਮੇਰਾ ਪਰਿਵਾਰ ਹਨ। ਤੁਹਾਡਾ ਬੇਟਾ ਮੁੜ ਸੀ. ਐੱਮ. ਬਣ ਗਿਆ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਹੈ। ਦੁਨੀਆ ਭਰ 'ਚ ਭਾਰਤ ਦਾ ਡੰਕਾ ਵੱਜੇਗਾ।  

ਭਾਸ਼ਣ ਦੇ ਅਖੀਰ 'ਚ ਗਾਇਆ ਗੀਤ—
ਕੇਜਰੀਵਾਲ ਨੇ ਆਪਣੇ ਭਾਸ਼ਣ ਦੇ ਅਖੀਰ 'ਚ ਗੀਤ ਗਾਇਆ- ਹਮ ਹੋਗੇਂ ਕਾਮਯਾਬ ਇਕ ਦਿਨ, ਹਮ ਚਲੇਂਗੇ ਸਾਥ-ਸਾਥ ਇਕ ਦਿਨ... ਗੀਤ ਗਾਇਆ। ਉਨ੍ਹਾਂ ਕਿਹਾ ਕਿ ਚੋਣਾਂ 'ਚ ਰਾਜਨੀਤੀ ਤਾਂ ਹੁੰਦੀ ਹੀ ਹੈ। ਸਾਡੇ ਵਿਰੋਧੀਆਂ ਨੇ ਸਾਨੂੰ ਜੋ ਕੁਝ ਬੋਲਿਆ, ਅਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ। ਮੈਂ ਕੇਂਦਰ ਸਰਕਾਰ ਨਾਲ ਮਿਲ ਕੇ ਦਿੱਲੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ। ਕੇਜਰੀਵਾਲ ਨੇ ਕਿਹਾ ਕਿ ਸਹੁੰ ਚੁੱਕ ਸਮਾਰੋਹ 'ਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਭੇਜਿਆ ਸੀ ਪਰ ਉਹ ਕਿਸੇ ਹੋਰ ਪ੍ਰੋਗਰਾਮ 'ਚ ਰੁੱਝੇ ਹੋਣ ਕਾਰਨ ਨਹੀਂ ਆ ਸਕੇ।


Tanu

Content Editor

Related News