ਕਾਂਗਰਸ ਨੂੰ ਗਠਜੋੜ ਲਈ ਬੋਲ-ਬੋਲ ਕੇ ਥੱਕ ਗਏ ਹਾਂ : ਅਰਵਿੰਦ ਕੇਜਰੀਵਾਲ

02/21/2019 12:02:06 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਕਾਂਗਰਸ ਨਾਲ ਗਠਜੋੜ ਦੀ ਗੱਲ ਕਰਦੇ-ਕਰਦੇ ਥੱਕ ਗਏ ਹਾਂ ਪਰ ਉਸ ਨੇ ਸਾਡੇ ਨਾਲ ਗਠਜੋੜ ਨਹੀਂ ਕੀਤਾ। ਮੁੱਖ ਮੰਤਰੀ ਕੇਜਰੀਵਾਲ ਨੇ ਚਾਂਦਨੀ ਚੌਕ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅਸੀਂ ਕਾਂਗਰਸ ਨੂੰ ਗਠਜੋੜ ਲਈ ਬੋਲ-ਬੋਲ ਕੇ ਹੁਣ ਥੱਕ ਗਏ ਹਾਂ ਅਤੇ ਅਜਿਹਾ ਲੱਗਦਾ ਹੈ ਕਿ ਪਾਰਟੀ ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਜਿਤਾਉਣਾ ਚਾਹੁੰਦੀ ਹੈ।'' ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਦੇ ਸਾਰੇ ਉਮੀਦਵਾਰਾਂ ਦੇ ਖਿਲਾਫ ਇਕ-ਇਕ ਉਮੀਦਵਾਰ ਖੜ੍ਹਾ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਵੋਟ ਵੰਡੇ ਜਾਣਗੇ, ਜਿਸ ਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ। 
ਉਨ੍ਹਾਂ ਨੇ ਕਿਹਾ,''ਭਾਜਪਾ ਦੇ ਹਰ ਉਮੀਦਵਾਰ ਦੇ ਖਿਲਾਫ ਇਕ ਉਮੀਦਵਾਰ ਖੜ੍ਹਾ ਕੀਤਾ ਜਾਣਾ ਚਾਹੀਦਾ, ਵੋਟਾਂ ਦੀ ਵੰਡ ਨਹੀਂ ਹੋਣੀ ਚਾਹੀਦੀ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਗਠਜੋੜ ਲਈ ਭਰੋਸੇ 'ਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਇਹ ਗੱਲ ਸਮਝ 'ਚ ਨਹੀਂ ਆਈ। ਉਨ੍ਹਾਂ ਨੇ ਇਹ ਵੀ ਕਿਹਾ,''ਜੇਕਰ ਅੱਜ ਕਾਂਗਰਸ ਨਾਲ ਸਾਡਾ ਗਠਜੋੜ ਹੋ ਜਾਵੇ ਤਾਂ ਭਾਜਪਾ ਦਿੱਲੀ 'ਚ ਸਾਰੀਆਂ 7 ਸੀਟਾਂ 'ਤੇ ਹਾਰ ਜਾਵੇਗੀ।''

ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਬੀਤੇ ਦਿਨੀਂ ਵੀ ਕਿਹਾ ਸੀ ਕਿ ਕਾਂਗਰਸ ਨੇ ਦਿੱਲੀ 'ਚ ਉਸ ਨਾਲ ਗਠਜੋੜ ਨੂੰ ਲੈ ਕੇ ਲਗਭਗ ਮਨ੍ਹਾ ਕਰ ਦਿੱਤਾ ਹੈ।'' 'ਆਪ' ਕਨਵੀਨਰ ਦਾ ਇਹ ਬਿਆਨ ਵਿਰੋਧੀ ਦਲਾਂ ਨਾਲ ਇਕ ਬੈਠਕ ਤੋਂ ਬਾਅਦ ਆਇਆ ਸੀ, ਜਿਸ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ। ਇਹ ਪੁੱਛੇ ਜਾਣ 'ਤੇ ਕਿ ਆਖਰ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਉਹ ਇੰਨੇ ਇਛੁੱਕ ਕਿਉਂ ਹਨ ਤਾਂ ਉਨ੍ਹਾਂ ਨੇ ਕਿਹਾ,''ਸਾਨੂੰ ਦੇਸ਼ ਦੀ ਚਿੰਤਾ ਹੈ, ਇਸ ਲਈ ਅਸੀਂ ਇਹ ਗਠਜੋੜ ਚਾਹੁੰਦੇ ਹਾਂ।''

DIsha

This news is Content Editor DIsha