ਦਿੱਲੀ ਦਾ ਦਿਲ ਜਿੱਤਣ ਵਾਲੇ ਕੇਜਰੀਵਾਲ ਨੂੰ ਪਰਿਵਾਰ ਵਾਲੇ ਬਚਪਨ 'ਚ ਬੁਲਾਉਂਦੇ ਸਨ 'ਕ੍ਰਿਸ਼ਨਾ'

02/12/2020 11:00:02 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਜਿੱਤ ਦੀ ਹੈਟ੍ਰਿਕ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਪੂਰਨ ਬਹੁਮਤ ਨਾਲ ਸਰਕਾਰ ਬਣਾਉਣਗੇ। ਕੇਜਰੀਵਾਲ ਭਾਵੇਂ ਹੀ ਦਿੱਲੀ ਰਹਿੰਦੇ ਹੋਣ ਪਰ ਉਨ੍ਹਾਂ ਦਾ ਜਨਮ ਹਰਿਆਣਾ ਦੇ ਹਿਸਾਰ 'ਚ ਹੋਇਆ। ਕੇਜਰੀਵਾਲ 16 ਅਗਸਤ 1968 ਨੂੰ ਹਿਸਾਰ ਜ਼ਿਲੇ ਦੇ ਸਿਵਾਨੀ ਮੰਡੀ 'ਚ ਜਨਮੇ ਸਨ। ਖਾਸ ਗੱਲ ਇਹ ਹੈ ਕਿ ਉਸ ਦਿਨ ਜਨਮਾਸ਼ਟਮੀ ਸੀ। ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਪੂਰੇ ਘਰ ਵਿਚ ਜਸ਼ਨ ਮਨਾਇਆ ਗਿਆ ਸੀ। ਜਨਮਾਸ਼ਟਮੀ ਵਾਲੇ ਦਿਨ ਪੈਦਾ ਹੋਣ ਕਾਰਨ ਅਰਵਿੰਦ ਨੂੰ ਘਰ ਵਾਲੇ ਪਰਿਵਾਰ ਨਾਲ ਕ੍ਰਿਸ਼ਨ ਕਹਿ ਕੇ ਬੁਲਾਉਂਦੇ ਸਨ। 

ਦਰਅਸਲ ਅਰਵਿੰਦ ਦੇ ਦਾਦਾ ਮੰਗਲਚੰਦ ਸਿਵਾਨੀ ਮੰਡੀ ਤੋਂ 4 ਕਿਲੋਮੀਟਰ ਦੂਰ ਖੇੜਾ ਪਿੰਡ 'ਚ 1947 ਤੋਂ ਪਹਿਲਾਂ ਆ ਕੇ ਵੱਸੇ ਸਨ। ਉਸ ਸਮੇਂ ਮੰਗਲਚੰਦ ਨੇ ਉੱਥੇ ਦਾਲ ਦੀ ਮਿੱਲ ਲਾਈ ਸੀ। ਅਰਵਿੰਦ ਦੇ ਪਿਤਾ ਗੋਵਿੰਦਰਾਮ ਨੇ ਜਿੰਦਲ ਉਦਯੋਗ ਵਿਚ ਨੌਕਰੀ ਕੀਤੀ ਅਤੇ ਫਿਰ ਹਰਿਆਣਾ ਤੋਂ ਬਾਹਰ ਕਈ ਸ਼ਹਿਰਾਂ ਵਿਚ ਕੰਮ ਕੀਤਾ। ਪਿਤਾ ਦੀ ਨੌਕਰੀ ਦੀ ਵਜ੍ਹਾ ਤੋਂ ਕੇਜਰੀਵਾਲ ਦਾ ਬਚਪਨ ਹਰਿਆਣਾ ਵਿਚ ਬੀਤਿਆ। ਉਨ੍ਹਾਂ ਨੇ ਆਈ. ਆਈ. ਟੀ. ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ 'ਚ ਡਿਗਰੀ ਲਈ। ਗੋਵਿੰਦਰਾਮ ਦਾ ਵਿਆਹ ਗੀਤਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਘਰ ਜਨਮਾਸ਼ਟਮੀ 'ਤੇ ਸਭ ਤੋਂ ਵੱਡੇ ਪੁੱਤਰ ਅਰਵਿੰਦ ਕੇਜਰੀਵਾਲ ਦਾ ਜਨਮ ਹੋਇਆ। ਅਰਵਿੰਦ ਤਿੰਨ ਭਰਾ-ਭੈਣਾਂ 'ਚੋਂ ਸਭ ਤੋਂ ਵੱਡੇ ਹਨ। ਓਧਰ ਦਿੱਲੀ ਦਾ ਦਿਲ ਲਗਾਤਾਰ ਤੀਜੀ ਵਾਰ ਜਿੱਤਣ ਵਾਲੇ ਸਿਵਾਨੀ ਦੇ ਲਾਲ ਅਰਵਿੰਦ ਕੇਜਰੀਵਾਲ ਦੇ ਜੱਦੀ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਅਰਵਿੰਦ ਦੇ ਚਾਚਾ ਨੇ ਗਿਰਧਾਰੀ ਲਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ 'ਚ ਕੀਤੇ ਵਿਕਾਸ ਕੰਮਾਂ ਦਾ ਇਨਾਮ ਮਿਲਿਆ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰ ਜਿੱਤਾ ਕੇ ਇਹ ਇਨਾਮ ਦਿੱਤਾ ਹੈ। 

ਦੱਸਣਯੋਗ ਹੈ ਕਿ ਮੰਗਲਵਾਰ ਭਾਵ ਕੱਲ ਐਲਾਨ ਹੋਏ ਦਿੱਲੀ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ (ਆਪ) ਨੇ 70 ਸੀਟਾਂ 'ਚੋਂ 62 ਸੀਟਾਂ 'ਤੇ ਜਿੱਤ ਹਾਸਲ ਕੀਤੀ। ਭਾਜਪਾ 8 ਸੀਟਾਂ 'ਤੇ ਕਾਬਜ਼ ਰਹੀ, ਉੱਥੇ ਹੀ ਕਾਂਗਰਸ ਖਾਤਾ ਤਕ ਨਹੀਂ ਖੋਲ੍ਹ ਸਕੀ। ਕੇਜਰੀਵਾਲ, ਸ਼ੀਲਾ ਦੀਕਸ਼ਤ ਤੋਂ ਬਾਅਦ ਦੂਜੇ ਅਜਿਹੇ ਮੁੱਖ ਮੰਤਰੀ ਬਣਨਗੇ, ਜੋ ਕਿ ਤੀਜੀ ਵਾਰ ਲਗਾਤਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

Tanu

This news is Content Editor Tanu