ਪੰਜ ਤੱਤਾਂ ''ਚ ਵਿਲੀਨ ਹੋਏ ਅਰੁਣ ਜੇਤਲੀ

08/25/2019 6:46:31 PM

ਨਵੀਂ ਦਿੱਲੀ— ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਦਿੱਗਜ਼ ਨੇਤਾ ਅਰੁਣ ਜੇਤਲੀ ਐਤਵਾਰ ਭਾਵ ਅੱਜ ਪੰਜ ਤੱਤਾਂ 'ਚ ਵਿਲੀਨ ਹੋ ਗਏ। ਨਵੀਂ ਦਿੱਲੀ ਵਿਖੇ ਨਿਗਮਬੋਧ ਘਾਟ 'ਤੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਬੇਟੇ ਰੋਹਨ ਨੇ ਜੇਤਲੀ ਨੂੰ ਮੁੱਖ ਅਗਨੀ ਦਿੱਤੀ। ਪੂਰਾ ਮਾਹੌਲ 'ਜੇਤਲੀ ਜੀ ਅਮਰ ਰਹਿਣ' ਦੇ ਨਾਅਰਿਆਂ ਨਾਲ ਗੂੰਜ ਉਠਿਆ। ਇਸ ਦੌਰਾਨ ਨਿਗਮਬੋਧ ਘਾਟ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਯੋਗ ਗੁਰੂ ਰਾਮਦੇਵ ਸਮੇਤ ਤਮਾਮ ਨੇਤਾ, ਮੰਤਰੀ ਮੌਜੂਦ ਰਹੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ 'ਤੇ ਹੋਣ ਕਾਰਨ ਜੇਤਲੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ। ਪੀ. ਐੱਮ. ਨੇ ਜੇਤਲੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੰਗੀਤਾ ਅਤੇ ਬੇਟੇ ਰੋਹਨ ਨਾਲ ਫੋਨ 'ਤੇ ਗੱਲ ਕੀਤੀ ਸੀ। ਜੇਤਲੀ ਦੇ ਪਰਿਵਾਰ ਨੇ ਪੀ. ਐੱਮ. ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਹੀ ਰੱਦ ਨਾ ਕਰਨ। 


ਜ਼ਿਕਰਯੋਗ ਹੈ ਕਿ 28 ਦਸੰਬਰ 1952 ਨੂੰ ਜੇਤਲੀ ਦਿੱਲੀ 'ਚ ਜਨਮੇ ਸਨ। ਸ਼ਨੀਵਾਰ ਯਾਨੀ ਕਿ 24 ਅਗਸਤ 2019 ਨੂੰ ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਉਹ 66 ਸਾਲ ਦੇ ਸਨ। ਸਾਹ ਲੈਣ 'ਚ ਦਿੱਕਤ ਹੋਣ ਕਾਰਨ ਉਨ੍ਹਾਂ ਨੂੰ ਬੀਤੀ 9 ਅਗਸਤ ਨੂੰ ਏਮਜ਼ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਸ਼ਨੀਵਾਰ ਦੁਪਹਿਰ 12:07 ਵਜੇ ਆਖਰੀ ਸਾਹ ਲਿਆ।

ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਹੈ। ਅਰੁਣ ਜੇਤਲੀ ਮੋਦੀ ਸਰਕਾਰ ਲਈ ਸੰਕਟਮੋਚਨ ਸਨ, ਜਿਨ੍ਹਾਂ ਨੇ ਵਿੱਤ ਮੰਤਰੀ ਰਹਿੰਦੇ ਹੋਏ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਕਈ ਅਹਿਮ ਫੈਸਲੇ ਲਏ ਸਨ। ਇਕ ਚੰਗੇ ਰਾਜ ਨੇਤਾ ਦੇ ਨਾਲ-ਨਾਲ ਜੇਤਲੀ ਵਕੀਲ ਵੀ ਰਹਿ ਚੁੱਕੇ ਸਨ। ਭਾਵੇਂ ਹੀ ਉਹ ਦੁਨੀਆ ਨੂੰ ਅਲਵਿਦਾ ਆਖ ਗਏ ਹਨ ਪਰ ਉਨ੍ਹਾਂ ਦੇ ਕੰਮਾਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

Tanu

This news is Content Editor Tanu