ਅਰੁਣ ਜੇਤਲੀ ਦਾ ਅਮਰੀਕਾ ਵਿਚ ਸਫਲ ਆਪ੍ਰੇਸ਼ਨ, ਦੋ ਹਫਤੇ ਅਰਾਮ ਦੀ ਸਲਾਹ

01/24/2019 5:04:13 PM

ਨਵੀਂ ਦਿੱਲੀ — ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਨਿਊਯਾਰਕ ਦੇ ਇਕ ਹਸਪਤਾਲ ਵਿਚ ਸਫਲ ਓਪਰੇਸ਼ਨ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ਨੇ ਜੇਤਲੀ ਨੂੰ 2 ਹਫਤੇ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜੇਤਲੀ 13 ਜਨਵਰੀ ਨੂੰ ਅਮਰੀਕਾ ਗਏ ਸਨ। ਸੂਤਰਾਂ ਨੇ ਕਿਹਾ ਕਿ ਇਸ ਹਫਤੇ ਹੀ ਉਨ੍ਹਾਂ ਦੀ 'ਸਾਫਟ ਟਿਸ਼ੂ' ਕੈਂਸਰ ਲਈ ਜਾਂਚ ਕੀਤੀ ਗਈ ਸੀ। ਅਮਰੀਕਾ ਵਿਚ ਰਹਿੰਦੇ ਹੋਏ ਵੀ ਜੇਤਲੀ ਸੋਸ਼ਲ ਮੀਡੀਆ 'ਤੇ ਸਰਗਰਮ ਰਹੇ ਅਤੇ ਵੱਖ-ਵੱਖ ਮੁੱਦਿਆਂ 'ਤੇ ਆਪਣੀ ਰਾਏ ਵੀ ਦਿੰਦੇ ਰਹੇ।

ਪਿਯੁਸ਼ ਗੋਇਲ ਪੇਸ਼ ਕਰਨਗੇ ਬਜਟ

ਦੂਜੇ ਪਾਸੇ ਅਰੁਣ ਜੇਤਲੀ ਦੀ ਗੈਰ-ਮੌਜੂਦਗੀ ਵਿਚ ਰੇਲ ਮੰਤਰੀ ਪਿਯੁਸ਼ ਗੋਇਲ ਨੂੰ ਵਿੱਤੀ ਅਤੇ ਕਾਰਪੋਰੇਟ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 1 ਫਰਵਰੀ ਨੂੰ ਪਿਯੁਸ਼ ਗੋਇਲ ਹੀ ਅੰਤਰਿਮ ਬਜਟ ਪੇਸ਼ ਕਰਨਗੇ।

ਪਿਛਲੇ ਸਾਲ ਹੋਇਆ ਸੀ ਕਿਡਨੀ ਦਾ ਓਪਰੇਸ਼ਨ

ਇਸ ਆਪਰੇਸ਼ਨ ਤੋਂ ਪਹਿਲਾਂ 14 ਮਈ 2018 ਨੂੰ ਅਰੁਣ ਜੇਤਲੀ ਦਾ ਕਿਡਨੀ ਟਰਾਂਸਪਲਾਂਟ ਦਾ ਓਪਰੇਸ਼ਨ ਹੋਇਆ ਸੀ। ਉਸ ਸਮੇਂ ਅਰੁਣ ਜੇਤਲੀ ਕਰੀਬ ਤਿੰਨ ਮਹੀਨੇ ਵਿੱਤ ਮੰਤਰਾਲੇ ਤੋਂ ਛੁੱਟੀ 'ਤੇ ਰਹੇ ਸਨ।  ਅਰਾਮ ਕਰਨ ਤੋਂ ਬਾਅਦ ਉਨ੍ਹਾਂ ਨੇ 23 ਅਗਸਤ 2018 ਨੂੰ ਦੁਬਾਰਾ ਵਿੱਤ ਮੰਤਰਾਲੇ ਦਾ ਕਾਰਜਕਾਰ ਸੰਭਾਲਿਆ ਸੀ। ਉਸ ਸਮੇਂ ਵੀ ਪਿਯੁਸ਼ ਗੋਇਲ ਨੂੰ ਹੀ ਵਿੱਤ ਮੰਤਰਾਲੇ ਦਾ ਵਾਧੂ ਭਾਰ ਸੌਂਪਿਆ ਗਿਆ ਸੀ।