ਲੱਦਾਖ 'ਚ ਫੌਜ ਦਾ ਜਵਾਨ ਹੋਇਆ ਕੋਰੋਨਾ ਦਾ ਸ਼ਿਕਾਰ, ਈਰਾਨ ਤੋਂ ਪਰਤਿਆ ਸੀ ਪਿਓ

03/17/2020 11:44:31 PM

ਸ਼੍ਰੀਨਗਰ — ਕੋਰੋਨਾ ਵਾਇਰਸ ਦੇ ਹਰ ਰੋਜ਼ ਦੇਸ਼ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਦੇਸ਼ਭਰ 'ਚ 140 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ 'ਚ ਲੱਦਾਖ ਤੋਂ ਭਾਰਤੀ ਫੌਜ 'ਚ ਕੋਰੋਨਾ ਵਾਇਰਸ ਤੋਂ ਪੀੜਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਜਵਾਨ ਦੇ ਪਿਤਾ ਨੇ ਹਾਲ ਹੀ 'ਚ ਈਰਾਨ ਦੀ ਯਾਤਰਾ ਕੀਤੀ ਕੀਤੀ ਸੀ ਅਤੇ ਉਹ ਪਹਿਲਾਂ ਤੋਂ ਹੀ ਇਸ ਵਾਇਰਸ ਤੋਂ ਪੀੜਤ ਹਨ। ਪੀੜਤ ਜਵਾਨ ਦੀ ਮਾਂ ਅਤੇ ਭੈਣ ਨੂੰ ਉਨ੍ਹਾਂ ਤੋਂ ਵੱਖ ਰੱਖਿਆ ਗਿਆ ਹੈ।

ਇਸ ਦੌਰਾਨ ਦਿੱਲੀ ਤੋਂ ਲੈ ਕੇ ਕੇਰਲ ਤਕ ਦਹਿਸ਼ਤ ਫੈਲਾ ਰਿਹਾ ਕੋਰੋਨਾ ਹੁਣ ਪੱਛਮੀ ਬੰਗਾਲ ਵੀ ਪਹੁੰਚ ਗਿਆ ਹੈ। ਕੋਲਕਾਤਾ 'ਚ ਕੋਰੋਨਾ ਨਾਲ ਪੀੜਤ ਪਹਿਲਾ ਮਰੀਜ਼ ਮਿਲਿਆ ਹੈ। ਮੰਗਲਵਾਰ ਨੂੰ ਮੁੰਬਈ 'ਚ 63 ਸਾਲਾ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਭਾਰਤ 'ਚ ਮੰਗਲਵਾਰ ਨੂੰ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ। ਸਰਕਾਰ ਵੱਲੋਂ ਜਾਰੀ ਇਕ ਯਾਤਰਾ ਸਲਾਹ ਮੁਤਾਬਕ ਸਰਕਾਰ ਨੇ ਅਫਗਾਨਿਸਤਾਨ, ਫਿਲਿਪਿਨ ਅਤੇ ਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਕਾਰ ਨੇ ਯੂਰੋਪੀ ਸੰਘ ਦੇ ਦੇਸ਼ਾਂ, ਤੂਰਕੀ ਅਤੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਦੇ ਪ੍ਰਵੇਸ਼ 'ਤੇ 18 ਤੋਂ 31 ਮਾਰਚ ਤਕ ਰੋਕ ਲਗਾ ਦਿੱਤੀ ਸੀ।

ਕੁਝ ਦਿਨ ਪਹਿਲਾਂ ਤਕ 'ਸਾਮਾਜਿਕ ਦੂਰੀ' (ਸੋਸ਼ਲ ਡਿਸਟੇਂਸਿੰਗ) ਵਰਗਾ ਸ਼ਬਦ ਬਹੁਤ ਸਾਰੇ ਲੋਕਾਂ ਨੇ ਸੁਣਿਆ ਤਕ ਨਹੀਂ ਸੀ ਉਹ ਅਚਾਨਕ ਕਾਫੀ ਚਰਚਾ 'ਚ ਹੈ ਕਿਉਂਕਿ ਤਾਜ ਮਹਲ ਵਰਗੇ ਸਮਾਰਕਾਂ ਸਣੇ ਜਨਤਕ ਸਥਾਨ ਬੰਦ ਹਨ ਅਤੇ ਹਜ਼ਾਰਾਂ ਲੋਕ ਅਗਲੇ ਕੁਝ ਦਿਨਾਂ ਤਕ ਘਰ 'ਚ ਰਹਿਣ, ਅਤੇ ਆਨਲਾਈਨ ਕੰਮ ਜਾਂ ਪੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਦਾ ਮਰੀਜ਼ ਦੁਬਈ ਗਿਆ ਸੀ ਅਤੇ ਇਹ ਮਹਾਰਾਸ਼ਟਰ 'ਚ ਕੋਵਿਡ-19 ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਹੈ।

ਇਸ ਤੋਂ ਪਹਿਲਾ ਕਰਨਾਟਕ ਦੇ ਕਲਬੁਰਗੀ 'ਚ 76 ਸਾਲਾ ਇਕ ਵਿਅਕਤੀ ਦੀ ਮੌਤ ਹੋਈ ਸੀ ਅਤੇ ਦਿੱਲੀ 'ਚ ਵੀ 68 ਸਾਲਾ ਇਕ ਮਹਿਲਾ ਦੀ ਇਸ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਮੌਤ ਹੋ ਗਈ ਸੀ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਦੁਨੀਆਭਰ 'ਚ ਇਸ ਵਾਇਰਸ ਕਾਰਨ 7100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,82,000 ਲੋਕ ਇਸ ਤੋਂ ਪੀੜਤ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ : ਦੇਸ਼ਭਰ 'ਚ 22 ਟਰੇਨਾਂ ਰੱਦ

ਇਹ ਵੀ ਪੜ੍ਹੋ : ਕੋਰੋਨਾ 'ਤੇ ਵੱਡਾ ਫੈਸਲਾ, ਗੁਰੂਗ੍ਰਾਮ ਪ੍ਰਸ਼ਾਸਨ ਨੇ ਕਿਹਾ- ਘਰੋਂ ਕਰੋ ਕੰਮ

Inder Prajapati

This news is Content Editor Inder Prajapati