ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਂ ਬੋਲੀ- ''ਮੈਨੂੰ ਦੱਸੋ, ਮੇਰਾ ਸ਼ੇਰ ਪੁੱਤ ਕਿੱਥੇ ਗਿਆ''

06/18/2019 5:30:37 PM

ਮੇਰਠ— ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਫੌਜ ਦੇ ਮੇਜਰ ਕੇਤਨ ਸ਼ਰਮਾ ਦੀ ਮ੍ਰਿਤਕ ਦੇਹ ਅੱਜ ਮੇਰਠ ਲਿਆਂਦੀ ਗਈ। ਜਿਵੇਂ ਹੀ ਮੇਜਰ ਸ਼ਰਮਾ ਦੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਉਸ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਵਾਲੇ ਰੋ ਪਏ।

ਸ਼ਹੀਦ ਮੇਜਰ ਦੇ ਘਰ ਪਰਿਵਾਰ ਨੂੰ ਹੌਸਲਾ ਦੇਣ ਲਈ ਫੌਜ ਦੇ ਜਵਾਨ ਪੁੱਜੇ, ਜਿਨ੍ਹਾਂ ਨੂੰ ਦੇਖ ਕੇ ਮੇਜਰ ਸ਼ਰਮਾ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਗਲੇ ਲੱਗ ਕੇ ਰੋਏ। ਸ਼ਹੀਦ ਮੇਜਰ ਦੀ ਮਾਂ ਨੇ ਜਵਾਨਾਂ ਨੂੰ ਰੋਂਦੇ ਹੋਏ ਪੁੱਛਿਆ- ਮੈਨੂੰ ਦੱਸੋ, ਮੇਰਾ ਸ਼ੇਰ ਪੁੱਤ ਕਿੱਥੇ ਗਿਆ? 

ਇਸ ਤੋਂ ਪਹਿਲਾਂ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦ ਮੇਜਰ ਕੇਤਨ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਫੌਜ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਫੌਜ ਮੁਖੀ ਬਿਪਿਨ ਰਾਵਤ ਵੀ ਮੌਜੂਦ ਰਹੇ।'

ਮੇਜਰ ਕੇਤਨ ਸ਼ਰਮਾ ਸਾਲ 2012 'ਚ ਫੌਜ ਵਿਚ ਸ਼ਾਮਲ ਹੋਏ ਸਨ। ਮੇਜਰ ਸ਼ਰਮਾ ਦੇ ਪਰਿਵਾਰ ਵਿਚ 4 ਸਾਲ ਦੀ ਬੇਟੀ ਕੈਰਾ ਅਤੇ ਪਤਨੀ ਇਰਾ ਸ਼ਰਮਾ ਹੈ। ਅਜੇ 27 ਮਈ ਨੂੰ ਹੀ ਉਹ ਛੁੱਟੀ ਕੱਟ ਕੇ ਵਾਪਸ ਕਸ਼ਮੀਰ ਗਏ ਸਨ। ਸ਼ਹੀਦ ਕੇਤਨ ਦਾ ਪਰਿਵਾਰ ਗਮ 'ਚ ਡੁੱਬਿਆ ਹੋਇਆ ਹੈ। ਮੇਜਰ ਦੇ ਤਾਏ ਨੇ ਕਿਹਾ ਕਿ ਸਰਕਾਰ ਸ਼ਹਾਦਤ ਦਾ ਬਦਲਾ ਲਵੇ ਅਤੇ ਵਾਰ-ਵਾਰ ਦੀ ਲੜਾਈ ਬੰਦ ਕਰੇ। ਇਸ ਦਰਮਿਆਨ ਸੂਬਾ ਸਰਕਾਰ ਨੇ ਸ਼ਹੀਦ ਮੇਜਰ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸ਼ਹੀਦ ਦੇ ਨਾਮ 'ਤੇ ਇਕ ਸੜਕ ਦਾ ਨਾਮਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਕੇਤਨ ਦੀ ਸ਼ਹਾਦਤ 'ਤੇ ਮਾਣ ਹੈ, ਉਹ ਹਮੇਸ਼ਾ ਅਮਰ ਰਹਿਣਗੇ।

Tanu

This news is Content Editor Tanu