ਆਰਮੀ ''ਚ ਹਨੀ ਟ੍ਰੈਪ, ਹੁਣ ਲੈਫਟੀਨੈਂਟ ਕਰਨਲ ਗ੍ਰਿਫਤਾਰ

Wednesday, Feb 14, 2018 - 11:42 PM (IST)

ਨਵੀਂ ਦਿੱਲੀ— ਭਾਰਤੀ ਫੌਜ ਦੇ ਇਕ ਹੋਰ ਅਧਿਕਾਰੀ 'ਤੇ ਹਨੀ ਟ੍ਰੈਪ ਵਿਚ ਫਸ ਕੇ ਦੇਸ਼ ਦੇ ਦੁਸ਼ਮਣਾਂ ਨੂੰ ਖੁਫੀਆ ਜਾਣਕਾਰੀ ਦੇਣ ਦਾ ਦੋਸ਼ ਲੱਗਾ ਹੈ। ਭਾਰਤੀ ਫੌਜ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਵੱਡੀ ਮੁਹਿੰਮ ਅਧੀਨ ਫੌਜ ਦੇ ਇਸ ਲੈਫਟੀਨੈਂਟ ਕਰਨਲ ਰੈਂਕ ਦੇ ਅਧਿਕਾਰੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹਨੀ ਟ੍ਰੈਪ ਵਿਚ ਫਸ ਕੇ ਦੇਸ਼ ਦੇ ਦੁਸ਼ਮਣਾਂ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ। 
ਸੂਤਰਾਂ ਮੁਤਾਬਕ ਹਨੀ ਟ੍ਰੈਪ ਦਾ ਇਹ ਕਥਿਤ ਮਾਮਲਾ ਜਬਲਪੁਰ ਵਿਚ 506, ਆਰਮੀ ਬੇਸ ਵਰਕਸ਼ਾਪ ਨਾਲ ਜੁੜਿਆ ਹੈ। ਹਿਰਾਸਤ ਵਿਚ ਲਏ ਗਏ ਇਸ ਲੈਫਟੀਨੈਂਟ ਕਰਨਲ 'ਤੇ ਖੁਫੀਆ ਦਸਤਾਵੇਜ਼ ਲੀਕ ਕਰਨ ਦਾ ਦੋਸ਼ ਲੱਗਾ ਹੈ। ਮਾਮਲੇ ਵਿਚ ਲਖਨਊ ਕਮਾਂਡ ਹੈੱਡਕੁਆਰਟਰ ਦੇ ਇੰਟੈਲੀਜੈਂਸ ਬਿਊਰੋ ਨੇ ਮੰਗਲਵਾਰ ਰਾਤ ਦੇਰ ਗਏ ਉਕਤ ਲੈਫਟੀਨੈਂਟ ਕਰਨਲ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ। ਪਤਾ ਲੱਗਾ ਹੈ ਕਿ ਜਾਂਚ ਅਧਿਕਾਰੀਆਂ ਨੇ ਕਈ ਫਾਈਲਾਂ ਜ਼ਬਤ ਕਰ ਲਈਆਂ ਹਨ। ਅਧਿਕਾਰੀ ਦੇ ਦਫਤਰ ਵਿਚ ਮੌਜੂਦ ਕੰਪਿਊਟਰ ਦੀ ਹਾਰਡ ਡਿਸਕ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਫੌਜੀ ਅਧਿਕਾਰੀ ਦੇ ਖਾਤੇ ਵਿਚ ਕੁਝ ਸਮਾਂ ਪਹਿਲਾਂ ਇਕ ਕਰੋੜ ਰੁਪਏ ਦੀ ਰਕਮ ਟਰਾਂਸਫਰ ਹੋਈ ਸੀ। ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋਣੀ ਬਾਕੀ ਹੈ। ਮਾਮਲੇ ਦੀ ਨਾਜ਼ੁਕਤਾ ਨੂੰ ਦੇਖਦਿਆਂ ਫੌਜ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ।


Related News