ਉੜੀ ''ਚ ਫੌਜ ਨੇ ''ਬੈਟ'' ਦਾ ਹਮਲਾ ਕੀਤਾ ਅਸਫਲ, 2 ਅੱਤਵਾਦੀ ਢੇਰ ,  ਮਿਲਿਆ ਹਥਿਆਰਾਂ ਦਾ ਜ਼ਖ਼ੀਰਾ

11/06/2017 8:39:17 AM

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲੇ ਦੇ ਉੜੀ ਸੈਕਟਰ 'ਚ ਫੌਜ ਅਤੇ ਸੁਰੱਖਿਆ ਬਲਾਂ ਨੇ ਬਾਰਡਰ ਐਕਸ਼ਨ ਟੀਮ (ਬੈਟ) ਦੀ ਘੁਸਪੈਠ ਨੂੰ ਅਸਫਲ ਕਰ ਕੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। 
ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅੱਜ ਉੜੀ ਸੈਕਟਰ ਅਧੀਨ ਕਮਲ ਕੋਟ ਇਲਾਕੇ 'ਚ ਗਸ਼ਤ ਕਰ ਰਹੇ ਫੌਜੀ ਜਵਾਨਾਂ ਨੇ ਤੜਕੇ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਲੋਂ ਕੁੱਝ ਸ਼ੱਕੀ ਸਰਗਰਮੀਆਂ ਦੇਖੀਆਂ। ਉਨ੍ਹਾਂ ਨੇ ਉਸ ਵੇਲੇ ਨੇੜੇ-ਤੇੜੇ ਦੀਆਂ ਚੌਕੀਆਂ ਨੂੰ ਸੁਚੇਤ ਕੀਤਾ ਅਤੇ ਖੁਦ ਉਥੇ ਇਕ ਥਾਂ 'ਤੇ ਨਾਕਾ ਲਾਇਆ। ਕੁੱਝ ਹੀ ਦੇਰ ਬਾਅਦ ਜਵਾਨਾਂ ਨੇ ਗੁਲਾਮ ਕਸ਼ਮੀਰ ਵਲੋਂ ਘੁਸਪੈਠੀਆਂ ਦੀ ਇਕ ਟੀਮ ਨੂੰ ਭਾਰਤੀ ਇਲਾਕੇ 'ਚ ਦਾਖਲ ਹੁੰਦੇ ਦੇਖਿਆ। ਉਨ੍ਹਾਂ ਨੇ ਉਸੇ ਵੇਲੇ ਘੁਸਪੈਠੀਆਂ ਨੂੰ ਲਲਕਾਰਿਆ ਅਤੇ ਉਥੇ ਮੁਕਾਬਲਾ ਸ਼ੁਰੂ ਹੋ ਗਿਆ ਜੋ ਸਵੇਰੇ 7.30 ਵਜੇ ਤਕ ਜਾਰੀ ਰਿਹਾ। ਇਸ ਦੇ ਮਗਰੋਂ ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ। 
ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਗੋਲੀਆਂ ਨਾਲ ਛਲਣੀ 2 ਘੁਸਪੈਠੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਕੋਲੋਂ ਜਵਾਨਾਂ ਨੇ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਹੈ। 
ਡੀ. ਜੀ. ਪੀ. ਐੱਸ. ਪੀ. ਵੈਦ ਨੇ ਕਿਹਾ ਕਿ ਸੰਭਾਵਿਤ ਤ੍ਰਾਸਦੀ ਨੂੰ ਟਾਲ ਦਿੱਤਾ ਗਿਆ। ਡੀ. ਜੀ. ਪੀ. ਨੇ ਟਵੀਟ ਕੀਤਾ ਕਿ 'ਬੈਟ'  ਦੇ ਇਸ ਹਮਲੇ ਨੂੰ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਨੇ ਅਸਫਲ ਕਰ ਦਿੱਤਾ ਹੈ। ਉੜੀ 'ਚ 2 ਬੈਟ ਅੱਤਵਾਦੀ ਮਾਰੇ ਗਏ, ਸਾਡੇ ਵੱਲ ਪਾਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।