ਦਿੱਲੀ ਦੇ ਦੁਆਰਕਾ ਇਲਾਕੇ ’ਚ ਹਥਿਆਰ ਸਮੱਗਲਰ ਗ੍ਰਿਫਤਾਰ

01/21/2019 7:24:16 AM

ਨਵੀਂ ਦਿੱਲੀ,   (ਯੂ. ਐੱਨ. ਆਈ.)-  ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਦੁਆਰਕਾ ਦੇ ਸੈਕਟਰ-2 ਇਲਾਕੇ ਵਿਚ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਲੋੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਦੇ ਮੁਹੰਮਦ ਮੂਸਾ ਵਜੋਂ ਹੋਈ ਹੈ। ਉਹ ਪਹਿਲਾਂ ਕਤਲ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਉਸ ਕੋਲੋਂ 32 ਬੋਰ ਦੇ 20 ਆਟੋਮੈਟਿਕ ਪਿਸਤੌਲ ਅਤੇ 12 ਖਾਲੀ ਮੈਗਜ਼ੀਨ ਬਰਾਮਦ ਹੋਏ ਹਨ।
ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਦਿੱਲੀ-ਐੱਨ. ਸੀ. ਆਰ. ਇਲਾਕੇ ਵਿਚ ਵੱਖ-ਵੱਖ ਅਪਰਾਧਿਕ ਘਟਨਾਵਾਂ ਵਿਚ ਉੱਤਮ ਗੁਣਵੱਤਾ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਹ ਹਥਿਆਰ ਪੱਛਮੀ ਉੱਤਰ ਪ੍ਰਦੇਸ਼ ਦੇ ਕੈਰਾਨਾ ਤੋਂ ਲਿਆਂਦੇ ਜਾਣ ਦੀ ਜਾਣਕਾਰੀ ਮਿਲੀ ਸੀ। ਇਸ ਦੇ ਆਧਾਰ ’ਤੇ ਪੁਲਸ ਨੇ ਹਥਿਆਰਾਂ ਦੇ ਸਮੱਗਲਰਾਂ ਵਿਰੁੱਧ ਮੁਹਿੰਮ ਚਲਾਈ।
ਦੁਆਰਕਾ ਸੈਕਟਰ-2 ਵਿਖੇ ਸ਼ਨੀਵਾਰ ਸ਼ਾਮ ਨੂੰ 7 ਵਜੇ ਦੇ ਲਗਭਗ ਇਕ ਵਿਅਕਤੀ 2 ਬੈਗ ਲੈ ਕੇ ਆਇਆ ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਵਿਅਕਤੀ ਨੇ ਦੱਸਿਆ ਕਿ ਉਹ ਇਹ ਹਥਿਆਰ ਮੱਧ ਪ੍ਰਦੇਸ਼ ਦੇ ਇਕ ਡੀਲਰ ਕੋਲੋਂ ਲਿਆ ਕੇ ਦਿੱਲੀ ਤੇ ਅੈੱਨ. ਸੀ. ਆਰ. ਵਿਚ ਸਪਲਾਈ ਕਰਦਾ ਹੈ। ਉਸ ਦੀ ਪਛਾਣ ਮੁਹੰਮਦ ਮੂਸਾ ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਉਹ 8 ਹਜ਼ਾਰ ਰੁਪਏ ਦਾ ਹਥਿਆਰ ਖਰੀਦ ਕੇ 25 ਤੋਂ 30 ਹਜ਼ਾਰ ਰੁਪਏ ਵਿਚ ਵੇਚਦਾ ਹੈ। ਉਸ ਨੂੰ 2017 ਵਿਚ ਵੀ ਗ੍ਰਿਫਤਾਰ ਕੀਤਾ ਗਿਆ ਸੀ।