ਪੰਜਾਬ ਤੇ ਹਰਿਆਣਾ ਸਮੇਤ 4 ਹਾਈ ਕੋਰਟਾਂ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

09/21/2019 6:52:21 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪੰਜਾਬ-ਹਰਿਆਣਾ, ਕੇਰਲ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੀਆਂ ਹਾਈ ਕੋਰਟਾਂ ਲਈ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕਰ ਦਿੱਤੇ ਹਨ। ਇਨ੍ਹਾਂ ਅਦਾਲਤਾਂ ਦੇ ਮੁੱਖ ਜੱਜਾਂ ਨੂੰ ਸੁਪਰੀਮ ਕੋਰਟ ’ਚ ਜੱਜ ਨਿਯੁਕਤ ਕਰਨ ਪਿੱਛੋਂ ਉਕਤ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਰਾਮ ਸੁਬਰਾਮਣੀਅਮ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਪਿੱਛੋਂ ਜਸਟਿਸ ਧਰਮ ਚੰਦ ਚੌਧਰੀ ਨੂੰ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ।
ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਰਿਸ਼ੀਕੇਸ਼ ਰਾਏ ਨੂੰ ਸੁਪਰੀਮ ਕੋਰਟ ’ਚ ਜੱਜ ਵਜੋਂ ਭੇਜੇ ਜਾਣ ਪਿੱਛੋਂ ਜਸਟਿਸ ਸੀ. ਵੀ. ਕੇ. ਅਬਦੁਲ ਰਹੀਮ ਨੂੰ ਕਾਰਜਕਾਰੀ ਚੀਫ ਜਸਟਿਸ ਬਣਾਇਆ ਗਿਆ ਹੈ। ਰਾਜਸਥਾਨ ਹਾਈ ਕੋਰਟ ਦੇ ਚੀਫ ਜਸਟਿਸ ਰਵਿੰਦਰ ਭੱਟ ਦੀ ਸੁਪਰੀਮ ਕੋਰਟ ’ਚ ਨਿਯੁਕਤੀ ਪਿੱਛੋਂ ਜਸਟਿਸ ਮੁਹੰਮਦ ਰਫੀਕ ਨੂੰ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੂਰਤੀ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਹੋਣ ’ਤੇ ਜਸਟਿਸ ਰਾਜੀਵ ਸ਼ਰਮਾ ਨੂੰ ਕਾਰਜਕਾਰੀ ਚੀਫ ਜਸਟਿਸ ਬਣਾਇਆ ਗਿਆ ਹੈ।

ਕਾਲੇਜੀਅਮ ਦੇ ਫੈਸਲੇ ’ਚ ਸੋਧ
ਤ੍ਰਿਪੁਰਾ ਹਾਈ ਕੋਰਟ ਲਈ ਜਸਟਿਸ ਕੁਰੈੈਸ਼ੀ ਦੇ ਨਾਂ ਦੀ ਸਿਫਾਰਸ਼
ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਆਪਣੇ ਪਹਿਲੇ ਫੈਸਲੇ ’ਚ ਸੋਧ ਕਰਦਿਆਂ ਤ੍ਰਿਪੁਰਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਅਕੀਲ ਕੁਰੈਸ਼ੀ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਪਹਿਲਾਂ ਕਾਲੇਜੀਅਮ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ। ਕੇਂਦਰ ਨੇ ਇਸ ਸਬੰਧੀ ਕੁਝ ਇਤਰਾਜ਼ ਪ੍ਰਗਟ ਕੀਤੇ ਸਨ।

ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਦਾ ਅਸਤੀਫਾ ਪ੍ਰਵਾਨ
ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਵੀ. ਕੇ. ਤਾਹਿਲਰਮਾਨੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਅਸਤੀਫਾ 6 ਸਤੰਬਰ ਤੋਂ ਪ੍ਰਵਾਨ ਮੰਨਿਆ ਜਾਏਗਾ। ਸੁਪਰੀਮ ਕੋਰਟ ਦੀ ਕਾਲੇਜੀਅਮ ਨੇ ਤਾਹਿਲਰਮਾਨੀ ਦਾ ਤਬਾਦਲਾ ਮੇਘਾਲਿਆ ਹਾਈ ਕੋਰਟ ਲਈ ਕੀਤਾ ਸੀ ਤੇ ਉਨ੍ਹਾਂ ਇਹ ਬਦਲੀ ਰੱਦ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਜਿਸ ਕਾਰਨ ਤਾਹਿਲਰਮਾਨੀ ਨੇ ਅਸਤੀਫਾ ਦੇ ਦਿੱਤਾ ਸੀ।

Inder Prajapati

This news is Content Editor Inder Prajapati