ਵਾਹਨ ਉਦਯੋਗ ਦੀ BS-6 ਨੂੰ ਲੈ ਕੇ ਸਰਕਾਰ ਅੱਗੇ ਅਪੀਲ, ਚਿੰਤਾ ਦੇ ਹੱਲ ਲਈ ਮੰਗੀ ਸਹਾਇਤਾ

09/06/2019 5:33:04 PM

ਨਵੀਂ ਦਿੱਲੀ — ਵਾਹਨ ਨਿਰਮਾਤਾਵਾਂ ਦੇ ਇਕ ਸੰਗਠਨ 'ਸਿਆਮ' ਨੇ  ਅਗਲੇ ਸਾਲ  ਅਪ੍ਰੈਲ 'ਚ ਭਾਰਤ ਫੇਜ਼-6(BS-6) ਮਾਪਦੰਡ ਨੂੰ ਅਸਾਨੀ ਨਾਲ ਲਾਗੂ ਕਰਨ ਲਈ ਸ਼ੁੱਕਰਵਾਰ ਨੂੰ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਭਾਰਤ ਫੇਜ਼-4 ਵਾਹਨਾਂ ਦੇ ਉਤਪਾਦਨ ਨੂੰ ਰੋਕਣਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਇੰਡੀਅਨ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ.ਸੀ.ਐਮ.ਏ.) ਦੀ ਸਾਲਾਨਾ ਕਾਨਫਰੈਂਸ 'ਚ ਸਿਆਮ ਦੇ ਪ੍ਰਧਾਨ ਰਾਜਨ ਵਡੇਰਾ ਨੇ ਕਿਹਾ ਕਿ ਵਾਹਨ ਨਿਰਮਾਣ ਅਤੇ ਸਾਜ਼ੋ-ਸਮਾਨ(ਪਾਰਟਸ) ਦੀ ਸਪਲਾਈ ਸਖਤ ਨਿਕਾਸੀ ਮਾਪਦੰਡਾਂ ਦੇ ਅਨੁਸਾਰ ਤਿਆਰ ਹੈ। ਪਰ ਪੂਰੇ ਦੇਸ਼ ਭਰ 'ਚ BS-6 ਵਾਹਨ ਮੁਹੱਈਆ ਕਰਾਉਣ ਨੂੰ ਲੈ ਕੇ ਥੋੜ੍ਹਾ ਚਿੰਤਾ ਦਾ ਮਾਹੌਲ ਹੈ।  ਉਨ੍ਹਾਂ ਕਿਹਾ, '31 ਮਾਰਚ ਨੂੰ ਰਾਤੋਂ-ਰਾਤ ਇਕਦਮ ਬਦਲਾਅ ਕਰਨਾ ਥੋੜ੍ਹਾ ਮੁਸ਼ਕਲ ਹੈ। BS-4 ਵਾਹਨਾਂ ਦੀ ਵਿਕਰੀ ਅਤੇ ਨਿਰਮਾਣ ਦੋਵੇਂ ਰੁਕ ਜਾਣਗੇ। ਅਜਿਹਾ ਦੁਨੀਆਂ 'ਚ ਕਿਤੇ ਵੀ ਨਹੀਂ ਹੋਇਆ ਹੈ।' ”ਵਡੇਰਾ ਨੇ ਕਿਹਾ ਕਿ ਮਾਰਚ ਦੇ ਅੰਤ ਤੱਕ ਬਾਕੀ ਬਚੇ ਵਾਹਨਾਂ (ਇੰਵੇਟਰੀ) ਨੂੰ ਜ਼ੀਰੋ  'ਤੇ ਲਿਆਉਣ ਅਤੇ ਉਨ੍ਹਾਂ ਦੀ ਵਿਕਰੀ ਬੰਦ ਕਰਨ ਦੀਆਂ ਯੋਜਨਾਵਾਂ ਬਾਰੇ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। ਵਡੇਰਾ ਨੇ ਕਿਹਾ ਕਿ ਇਹ ਪਹਿਲਾਂ ਹੀ ਗਾਹਕਾਂ ਵਿਚ ਭਰਮ ਦੀ ਸਥਿਤੀ ਪੈਦਾ ਕਰ ਰਿਹਾ ਹੈ ਅਤੇ ਇਹ ਪੂਰੇ ਵਾਹਨ ਉਦਯੋਗ ਲਈ ਭਾਰੀ ਨੁਕਸਾਨਦਾਇਕ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਭਾਰੀ ਉਦਯੋਗ ਅਤੇ ਜਨਤਕ ਉੱਦਮ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, '....  ਸਾਡੀ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਇਸ 'ਤੇ ਵਿਚਾਰ ਕਰੋ ਅਤੇ ਆਉਣ ਵਾਲੇ ਕੁਝ ਹਫਤਿਆਂ ਵਿਚ ਸਾਨੂੰ ਆਪਸ 'ਚ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਇਸ ਵੱਡੀ ਸਮੱਸਿਆ ਦਾ ਸੰਭਾਵੀ ਹੱਲ ਕੱਢਿਆ ਜਾ ਸਕੇ।' ”ਪਿਛਲੇ ਸਾਲ ਸੁਪਰੀਮ ਕੋਰਟ ਨੇ ਦੇਸ਼ 'ਚ ਬੀਐਸ -4 ਵਾਹਨਾਂ ਦੀ ਦੇਸ਼ ਭਰ 'ਚ ਵਿਕਰੀ ਇਕ ਅਪ੍ਰੈਲ 2020 ਤੋਂ ਰੋਕ ਲਗਾ ਦਿੱਤੀ ਹੈ।