ਵਿਰੋਧੀ ਧਿਰਾਂ ਦਾ ਗੱਠਜੋੜ ਹੈ ਠੱਗਜੋੜ, ਉਨ੍ਹਾਂ ਕੋਲ ਨਾ ਕੋਈ ਨੇਤਾ ਹੈ ਤੇ ਨਾ ਕੋਈ ਨੀਤੀ : ਅਨੁਰਾਗ ਠਾਕੁਰ

06/25/2023 4:51:44 PM

ਪਾਣੀਪਤ, (ਸੁਰਜੀਤ ਖਰਬ)- ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਪਾਣੀਪਤ ’ਚ ਆਯੋਜਿਤ ਗੌਰਵਮਈ ਭਾਰਤ ਰੈਲੀ ’ਚ ਕੇਂਦਰੀ ਯੁਵਾ ਮਾਮਲਿਆਂ , ਖੇਡ, ਸੂਚਨਾ ਤੇ ਪ੍ਰਸਾਰਣ ਵਿਭਾਗ ਦੇ ਮੰਤਰੀ ਅਨੁਰਾਗ ਠਾਕੁਰ ਨੇ ਗੱਠਜੋੜ ’ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ 15 ਪਾਰਟੀਆਂ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਨੀਤੀ ਹੈ। ਉਨ੍ਹਾਂ ਦੀ ਨੀਅਤ ਵਿੱਚ ਵੀ ਖੋਟ ਹੈ।

ਪਟਨਾ ’ਚ 15 ਪਾਰਟੀਆਂ ਦੀ ਬੈਠਕ ’ਤੇ ਉਨ੍ਹਾਂ ਕਿਹਾ ਕਿ ਉਹ ਇਕੱਠੇ ਹੋਏ ਤਾਂ ਹਨ ਪਰ ਉਨ੍ਹਾਂ ਦੇ ਦਿਲ ਨਹੀਂ ਮਿਲੇ। ਕੇਜਰੀਵਾਲ ਕਾਂਗਰਸ ਨੂੰ ਦਿੱਲੀ ਅਤੇ ਪੰਜਾਬ ਛੱਡਣ ਦੀ ਗੱਲ ਕਰ ਰਹੇ ਹਨ। ਮਮਤਾ ਬੈਨਰਜੀ ਕਾਂਗਰਸ ਨੂੰ ਬੰਗਾਲ ਛੱਡਣ ਲਈ ਕਹਿ ਰਹੀ ਹੈ। ਨਿਤੀਸ਼ ਕੁਮਾਰ ਬਿਹਾਰ ਨੂੰ ,ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਤੇ ਖੱਬੇਪੱਖੀ ਕਾਂਗਰਸ ਨੂੰ ਕੇਰਲਾ ਛੱਡਣ ਲਈ ਕਹਿ ਰਹੇ ਹਨ। ਕੀ ਕਾਂਗਰਸ ਹੁਣ ਸਿਰਫ਼ ਕੁਰਸੀਆਂ ਲਾਉਣ ਲਈ ਹੀ ਰਹਿ ਗਈ ਹੈ? ਵਿਰੋਧੀ ਧਿਰ ਦੀ ਇਹ ਮੀਟਿੰਗ ਰਾਹੁਲ ਗਾਂਧੀ ਦਾ ਵਿਆਹ ਕਰਵਾਉਣ ਤੱਕ ਹੀ ਸੀਮਤ ਰਹੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਨੌਂ ਸਾਲ ਪਹਿਲਾਂ ਚੋਣਾਂ ਸਮੇਂ ਕਾਂਗਰਸੀ ਆਗੂ ਤਾਅਨੇ ਮਾਰਦੇ ਸਨ ਕਿ ਗਰੀਬ ਮਾਂ ਦਾ ਪੁੱਤਰ, ਭਾਂਡੇ ਸਾਫ ਕਰਨ ਵਾਲੀ ਦਾ ਪੁੱਤਰ ਅਤੇ ਚਾਹ ਵੇਚਣ ਵਾਲਾ ਦੇਸ਼ ਨੂੰ ਕਿਵੇਂ ਚਲਾਏਗਾ? ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਦੇਸ਼ ਨੂੰ ਵੇਚਣ ਵਾਲੀ ਕਾਂਗਰਸ ਨੂੰ ਨਕਾਰ ਕੇ ਇੱਕ ਇਮਾਨਦਾਰ ਚਾਹ ਵੇਚਣ ਵਾਲੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਪ੍ਰਧਾਨ ਮੰਤਰੀ ਮੋਦੀ ਨੇ ਸਾਬਤ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰਾਂ ਕਿਵੇਂ ਚਲਾਈਆਂ ਜਾਂਦੀਆਂ ਹਨ।

Rakesh

This news is Content Editor Rakesh