ਜੇਕਰ ਤੁਸੀਂ ਵੀ ਖਾਂਦੇ ਹੋਏ ਐਂਟੀਬਾਇਓਟਿਕ ਦਵਾਈ ਤਾਂ ਪੜ੍ਹੋ ਇਹ ਖਬਰ

12/10/2018 8:20:57 AM

ਨਵੀਂ ਦਿੱਲੀ, (ਅਨਸ)- ਰੋਜ਼ਾਨਾ ਦੀ ਦੌੜ-ਭੱਜ  ਵਾਲੀ ਜ਼ਿੰਦਗੀ ’ਚ ਜ਼ਿਆਦਾਤਰ ਅਸੀਂ ਸਿਰਦਰਦ, ਪੇਟ ਦਰਦ ਜਾਂ ਬੁਖਾਰ ਹੋਣ ਦੌਰਾਨ ਡਾਕਟਰ ਦੀ ਬਿਨਾਂ ਸਲਾਹ ਲਏ ਕੋਈ ਵੀ ਐਂਟੀਬਾਇਓਟਿਕ ਦਵਾਈ ਲੈ ਲੈਂਦੇ ਹਾਂ ਅਤੇ ਸਿਹਤ ਠੀਕ ਹੋਣ ’ਤੇ ਜ਼ਿਆਦਾਤਰ ਅਜਿਹਾ ਕਰਦੇ ਰਹਿੰਦੇ ਹਾਂ ਪਰ ਡਾਕਟਰਾਂ ਨੇ ਲੋੜ ਨਾਲੋਂ ਜ਼ਿਆਦਾ  ਐਂਟੀਬਾਇਓਟਿਕ ਦਵਾਈਆਂ ਲੈਣ ਨਾਲ ਪੇਟ ਦੀਆਂ ਗੰਭੀਰ ਬੀਮਾਰੀਆਂ ਹੋਣ ਦੀ ਚਿਤਾਵਨੀ ਦਿੱਤੀ ਹੈ।
ਡਾਇਰੀਆ ਵਰਗੀ ਪੇਟ ਦੀ ਬੀਮਾਰੀ ਦਾ ਖਤਰਾ
ਡਾ. ਸਤੀਸ਼ ਕੌਲ ਮੁਤਾਬਕ ਲੋੜ ਤੋਂ ਵੱਧ ਐਂਟੀਬਾਇਓਟਿਕ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਡਾਇਰੀਆ ਵਰਗੀ ਪੇਟ ਦੀ ਬੀਮਾਰੀ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਕਿਸੇ ਵੀ ਐਂਟੀਬਾਇਓਟਿਕ ਦਾ ਗਲਤ ਜਾਂ ਲੋੜ ਨਾਲੋਂ ਜ਼ਿਆਦਾ ਇਸਤੇਮਾਲ ਕਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਸਕਦਾ ਹੈ ਜਿਵੇਂ ਕਿ ਇਨਫੈਕਸ਼ਨ ਜਲਦੀ ਠੀਕ ਨਾ ਹੋ ਸਕਣਾ ਆਦਿ। ਇਸ ਨਾਲ ਐਂਟੀਬਾਇਓਟਿਕ ਰੇਸਿਸਟੈਂਟ ਆਰਗੇਜਮਸ ਵੀ ਵਿਕਸਤ ਹੋ ਸਕਦੇ ਹਨ। ਜੇਕਰ ਤੁਸੀਂ ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਐਂਟੀਬਾਇਓਟਿਕ ਲਗਾਤਾਰ ਲੈਂਦੇ ਰਹੋਗੇ ਤਾਂ ਇਹ ਖਤਰਾ ਬਹੁਤ ਵੱਧ ਸਕਦਾ ਹੈ। ਡਾ. ਕੌਲ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਐਂਟੀਬਾਇਓਟਿਕ  ਪ੍ਰਤੀਰੋਧੀ ਸਮਰੱਥਾ ਦੁਨੀਆ ਦੀਆਂ ਸਭ  ਤੋਂ ਵੱਡੀਆਂ ਸਿਹਤ ਸਮੱਸਿਆਵਾਂ ਵਿਚੋਂ ਇਕ ਬਣ ਗਈ ਹੈ। 
ਮੌਤ ਵੀ ਸੰਭਵ
ਵਿਸ਼ਵ ਸਿਹਤ ਸੰਗਠਨ (ਡਬਲਿਊ.  ਐੱਚ. ਓ.) ਮੁਤਾਬਕ ਐਂਟੀਬਾਇਓਟਿਕ ਦਵਾਈਆਂ ਵਾਇਰਸ ਇਨਫੈਕਸ਼ਨ ਨੂੰ ਰੋਕਣ ਅਤੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ। ਐਂਟੀਬਾਇਓਟਿਕ ਪ੍ਰਤੀਰੋਧੀ ਓਦੋਂ ਹੁੰਦਾ ਹੈ, ਜਦੋਂ ਇਨ੍ਹਾਂ ਦਵਾਈਆਂ ਦੀ ਵਰਤੋਂ ਦੇ ਜਵਾਬ ’ਚ  ਬੈਕਟੀਰੀਆ  ਆਪਣਾ  ਸੁਭਾਅ ਬਦਲ ਲੈਂਦਾ ਹੈ। ਐੱਚ. ਡਬਲਿਊ. ਓ. ਮੁਤਾਬਕ ਬਿਨਾਂ ਲੋੜ ਦੇ ਐਂਟੀਬਾਇਓਟਿਕ ਦਵਾਈ ਲੈਣ ਨਾਲ ਐਂਟੀਬਾਇਓਟਿਕ ਪ੍ਰਤੀਰੋਧ ’ਚ ਵਾਧਾ ਹੁੰਦਾ ਹੈ, ਜੋ ਕਿ ਸੰਸਾਰਿਕ ਸਿਹਤ ਲਈ ਸਭ  ਤੋਂ ਵੱਡੇ ਖਤਰਿਆਂ ਵਿਚੋਂ ਇਕ ਹੈ। ਐਂਟੀਬਾਇਓਟਿਕ ਪ੍ਰਤੀਰੋਧ ਇਨਫੈਕਸ਼ਨ ਨਾਲ ਮਰੀਜ਼ ਨੂੰ ਲੰਬੇ ਸਮੇਂ ਤੱਕ ਹਸਪਤਾਲ ’ਚ ਭਰਤੀ ਰਹਿਣ, ਇਲਾਜ ਲਈ ਜ਼ਿਆਦਾ ਪੈਸਾ ਖਰਚਣ ਅਤੇ ਬੀਮਾਰੀ ਗੰਭੀਰ ਹੋਣ ’ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।