ਐਂਟੀਬਾਇਓਟਿਕਸ ਅਤੇ ਕੈਂਸਰ ਰੋਕੂ ਦਵਾਈਆਂ ਹੋਣਗੀਆਂ ਸਸਤੀਆਂ

09/14/2022 2:40:54 PM

ਨਵੀਂ ਦਿੱਲੀ (ਭਾਸ਼ਾ)– ਸਰਕਾਰ ਨੇ ਕਿਹਾ ਹੈ ਕਿ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (ਐੱਨ. ਐੱਲ. ਈ. ਐੱਮ.) ’ਚ 34 ਨਵੀਆਂ ਵਾਧੂ ਦਵਾਈਆਂ ਨੂੰ ਸ਼ਾਮਲ ਕਰਨ ਨਾਲ ਕਈ ਕੈਂਸਰ ਰੋਕੂ ਦਵਾਈਆਂ, ਐਂਟੀਬਾਇਓਟਿਕਸ ਅਤੇ ਟੀਕੇ ਹੁਣ ਹੋਰ ਜ਼ਿਆਦਾ ਸਸਤੇ ਹੋ ਜਾਣਗੇ ਅਤੇ ਇਸ ਨਾਲ ਮਰੀਜ਼ਾਂ ਦਾ ਖਰਚਾ ਘਟੇਗਾ। ਇਨਫੈਕਸ਼ਨ ਦੀ ਰੋਕਥਾਮ ਵਾਲੀਆਂ ਦਵਾਈਆਂ ਆਈਵਰਮੈਕਟਿਨ, ਮੁਪੀਰੋਸਿਨ ਅਤੇ ਮੇਰੋਪੇਨੇਮ ਨੂੰ ਵੀ ਸੂਚੀ ’ਚ ਸ਼ਾਮਲ ਕੀਤੇ ਜਾਣ ਨਾਲ ਹੁਣ ਅਜਿਹੀਆਂ ਦਵਾਈਆਂ ਦੀ ਕੁੱਲ ਗਿਣਤੀ 384 ਹੋ ਗਈ ਹੈ। 4 ਪ੍ਰਮੁੱਖ ਕੈਂਸਰ ਰੋਕੂ ਦਵਾਈਆਂ- ਬੇਂਡਾਮਸਟਾਈਨ ਹਾਈਡ੍ਰੋਕਲੋਰਾਈਡ, ਇਰੀਨੋਟੇਕਨ ਐੱਚ. ਸੀ. ਆਈ. ਟ੍ਰਾਈਹਾਈਡਰੇਟ, ਲੇਨਾਲੇਡੋਮਾਈਡ ਅਤੇ ਲਿਊਪ੍ਰੋਲਾਈਡ ਐਸੀਟੇਟ ਅਤੇ ਮਨੋਰੋਗੀਆਂ ਵਾਸਤੇ ਦਵਾਈਆਂ ਨਿਕੋਟੀਨ ਰਿਪਲੇਸਮੈਂਟ ਥੈਰੇਪੀ ਅਤੇ ਬਿਊਪ੍ਰੇਨੋਰਫਾਈਨ ਨੂੰ ਵੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

ਹਾਲਾਂਕਿ, 26 ਦਵਾਈਆਂ ਜਿਵੇਂ ਕਿ ਰੈਨਿਟਿਡਾਈਨ, ਸੁਕ੍ਰਾਲਫੇਟ, ਵ੍ਹਾਈਟ ਪੈਟਰੋਲੇਟਮ, ਐਟੀਨੋਲੋਲ ਅਤੇ ਮੈਥਾਈਲਡੋਪਾ ਨੂੰ ਸੋਧੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਲਾਗਤ ਪ੍ਰਭਾਵ ਅਤੇ ਬਿਹਤਰ ਦਵਾਈਆਂ ਦੀ ਉਪਲਬਧਤਾ ਦੇ ਮਾਪਦੰਡਾਂ ਦੇ ਆਧਾਰ ’ਤੇ ਇਨ੍ਹਾਂ ਦਵਾਈਆਂ ਨੂੰ ਸੂਚੀ ਤੋਂ ਬਾਹਰ ਕੀਤਾ ਗਿਆ ਹੈ।

ਮੰਗਲਵਾਰ ਨੂੰ ਸੂਚੀ ਜਾਰੀ ਕਰਨ ਤੋਂ ਬਾਅਦ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ, “ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ 2022 ਜਾਰੀ ਕੀਤੀ ਗਈ। ਇਸ ’ਚ 27 ਸ਼੍ਰੇਣੀਆਂ ’ਚ 384 ਦਵਾਈਆਂ ਸ਼ਾਮਲ ਹਨ। ਇਸ ਨਾਲ ਕਈ ਐਂਟੀਬਾਇਓਟਿਕਸ, ਟੀਕੇ, ਕੈਂਸਰ ਰੋਕੂ ਦਵਾਈਆਂ ਅਤੇ ਕਈ ਹੋਰ ਮਹੱਤਵਪੂਰਨ ਦਵਾਈਆਂ ਹੋਰ ਸਸਤੀਆਂ ਹੋ ਜਾਣਗੀਆਂ।’’ ਇਸ ਮੌਕੇ ਮਾਂਡਵੀਆ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਨੁਸਾਰ ‘ਸਭ ਕੋ ਦਾਵਈ, ਸਸਤੀ ਦਵਾਈ’ ਦੀ ਦਿਸ਼ਾ ’ਚ ਕਈ ਕਦਮ ਚੁੱਕ ਰਿਹਾ ਹੈ।

Rakesh

This news is Content Editor Rakesh