ਮੰਤਰੀ ਪਾਰਥ ਚੈਟਰਜੀ ’ਤੇ ਨਵਾਂ ਦੋਸ਼, ਬਾਡੀਗਾਰਡ ਦੇ 10 ਰਿਸ਼ਤੇਦਾਰਾਂ ਨੂੰ ਦਿੱਤੀ ਸਰਕਾਰੀ ਨੌਕਰੀ

07/27/2022 12:37:30 PM

ਕੋਲਕਾਤਾ– ਪੱਛਮੀ ਬੰਗਾਲ ’ਚ ਸਿੱਖਿਆ ਭਰਤੀ ਘਪਲਾ ਮਮਤਾ ਬੈਨਰਜੀ ਦੇ ਮੰਤਰੀ ਪਾਰਥ ਚੈਟਰਜੀ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪਾਰਥ ’ਤੇ ਹੁਣ ਨਵਾਂ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਆਪਣੇ ਬਾਡੀਗਾਰਡ ਦੇ 10 ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀ ਦਿੱਤੀ। ਇਸ ਸਬੰਧੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਨੂੰ ਹਾਈ ਕੋਰਟ ਨੇ ਅਸਲ ਕੇਸ ਨਾਲ ਜੋੜਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ’ਚ ਦਾਇਰ ਪਟੀਸ਼ਨ ਅਨੁਸਾਰ ਪਾਰਥ ਚੈਟਰਜੀ ਵੱਲੋਂ ਬਾਡੀਗਾਰਡ ਵਿਸ਼ਵੰਭਰ ਮੰਡਲ ਦੇ 10 ਰਿਸ਼ਤੇਦਾਰਾਂ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ’ਚ ਬਹਾਲ ਕਰਵਾ ਦਿੱਤਾ ਗਿਆ ਸੀ।

ਅਦਾਲਤ ਨੇ ਪਾਰਥ ਅਤੇ ਅਰਪਿਤਾ ਨੂੰ 3 ਅਗਸਤ ਤੱਕ ਈ. ਡੀ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈ. ਡੀ. ਦਾ ਕਹਿਣਾ ਹੈ ਕਿ ਪੁਛਗਿੱਛ ’ਚ ਅਰਪਿਤਾ ਨੇ ਮੰਨਿਆ ਹੈ ਕਿ ਇਹ ਨਕਦੀ ਪਾਰਥ ਦੀ ਹੈ। ਈ. ਡੀ. ਨੇ ਅਦਾਲਤ ’ਚ ਅਰਪਿਤਾ ਅਤੇ ਪਾਰਥ ਚੈਟਰਜੀ ਦੋਵਾਂ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ। ਅਦਾਲਤ ’ਚ ਈ. ਡੀ. ਨੇ ਕਿਹਾ ਕਿ ਇਹ ਗੰਭੀਰ ਘਪਲਾ ਹੈ, ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਜ਼ਰੂਰੀ ਹੈ। ਇਸ ਮਾਮਲੇ ’ਚ ਅਜੇ ਲਗਭਗ 22 ਕਰੋੜ ਰੁਪਏ ਦੀ ਵਸੂਲੀ ਹੋਈ ਹੈ, ਜਦਕਿ 100 ਕਰੋੜ ਤੋਂ ਵੱਧ ਦੀ ਹੋਰ ਵਸੂਲੀ ਕੀਤੀ ਜਾਣੀ ਹੈ।

ਓਧਰ, ਇਸ ਤੋਂ ਪਹਿਲਾਂ ਪਾਰਥ ਚੈਟਰਜੀ ਨੂੰ ਮੰਗਲਵਾਰ ਸਵੇਰੇ ਭੁਵਨੇਸ਼ਵਰ ਤੋਂ ਇੱਥੇ ਵਾਪਸ ਲਿਆਂਦਾ ਗਿਆ। ਬੀਮਾਰੀ ਗੰਭੀਰ ਨਾ ਹੋਣ ਕਾਰਨ ਏਮਜ਼ ਨੇ ਚੈਟਰਜੀ ਨੂੰ ਦਾਖਲ ਨਹੀਂ ਕੀਤਾ। ਰਾਤ ਨੂੰ ਭੁਵਨੇਸ਼ਵਰ ਤੋਂ ਰਵਾਨਾ ਹੋਣ ਤੋਂ ਬਾਅਦ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਸਵੇਰੇ ਚੈਟਰਜੀ ਨੂੰ ਲੈ ਕੇ ਜਹਾਜ ਰਾਹੀਂ ਕੋਲਕਾਤਾ ਵਾਪਸ ਆ ਗਏ। ਮੰਤਰੀ ਦੇ ਨਾਲ ਉਨ੍ਹਾਂ ਦੇ ਵਕੀਲ ਅਤੇ ਐੱਸ. ਐੱਸ. ਕੇ. ਐੱਮ. ਦਾ ਇਕ ਡਾਕਟਰ ਵੀ ਸੀ। ਐੱਸ. ਐੱਸ. ਕੇ. ਐੱਮ. ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਭੁਵਨੇਸ਼ਵਰ ’ਚ ਏਮਜ਼ ਦੇ ਡਾਕਟਰਾਂ ਦੀਆਂ ਰਿਪੋਰਟਾਂ ’ਚ ਕੋਈ ਫਰਕ ਨਹੀਂ ਹੈ।

ਇਸੇ ਦਰਮਿਆਨ ਸਕੂਲ ਭਰਤੀ ਘਪਲਾ ਮਾਮਲੇ ’ਚ ਅਰਪਿਤਾ ਤੇ ਚੈਟਰਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬਾ ਕਾਂਗਰਸ ਦੇ ਪ੍ਰਧਾਨ ਅਧੀਰ ਚੌਧਰੀ ਨੇ ਉਨ੍ਹਾਂ ਨੂੰ ਸਿੱਖਿਆ ਮੰਤਰਾਲੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

Rakesh

This news is Content Editor Rakesh