''ਭ੍ਰਿਸ਼ਟਾਚਾਰ-ਮੁਕਤ ਭਾਰਤ'' ਦਾ ਮੋਦੀ ਸਰਕਾਰ ਦਾ ਨਾਅਰਾ ਖੋਖਲਾ : ਅੰਨਾ

Wednesday, Dec 06, 2017 - 10:31 AM (IST)

ਨਵੀਂ ਦਿੱਲੀ— ਲੋਕਪਾਲ ਦੀ ਮੰਗ ਨੂੰ ਲੈ ਕੇ ਮਨਮੋਹਨ ਸਰਕਾਰ ਵਿਰੁੱਧ ਵੱਡਾ ਅੰਦੋਲਨ ਖੜ੍ਹੇ ਕਰਨ ਵਾਲੇ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ  ਨੇ ਹੁਣ ਭ੍ਰਿਸ਼ਟਾਚਾਰ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਹੱਲਾ ਬੋਲਦੇ ਹੋਏ 'ਭ੍ਰਿਸ਼ਟਾਚਾਰ ਮੁਕਤ ਭਾਰਤ' ਉਸ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ ਹੈ। ਸ਼੍ਰੀ ਹਜ਼ਾਰੇ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ ਭ੍ਰਿਸ਼ਟਾਚਾਰ, ਕਿਸਾਨਾਂ ਦੀ ਸਮੱਸਿਆ ਅਤੇ ਚੋਣ ਸੁਧਾਰ ਨੂੰ ਲੈ ਕੇ ਆਉਣ ਵਾਲੀ 23 ਮਾਰਚ ਨੂੰ 'ਸ਼ਹੀਦ ਦਿਵਸ' ਉਤੇ ਰਾਸ਼ਟਰੀ ਰਾਜਧਾਨੀ ਤੋਂ ਲੋਕ ਅੰਦੋਲਨ ਦੀ ਸ਼ੁਰੂਆਤ ਕਰਨਗੇ। 
ਇਸ ਦੇ ਲਈ ਥਾਂ ਅਲਾਟ ਕੀਤੇ ਜਾਣ ਲਈ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਅੰਦੋਲਨ ਤੋਂ ਪਹਿਲਾਂ ਉਹ ਦੇਸ਼ ਭਰ ਵਿਚ ਰੈਲੀਆਂ ਕਰਨਗੇ ਅਤੇ ਜਨਤਾ ਨੂੰ ਜਗਾਉਣ ਦਾ ਕੰਮ ਕਰਨਗੇ। 
ਅੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਸਭਾ ਚੋਣਾਂ 'ਚ ਲੋਕਪਾਲ ਦਾ ਵਾਅਦਾ ਕੀਤਾ ਸੀ ਪਰ ਸੱਤਾ 'ਚ ਆਉਂਦੇ ਹੀ ਉਨ੍ਹਾਂ ਦੀ ਸਰਕਾਰ ਨੇ ਲੋਕਪਾਲ ਕਾਨੂੰਨ ਨੂੰ ਕਮਜ਼ੋਰ ਕਰ ਦਿੱਤਾ। ਸਰਕਾਰ ਇਕ ਪਾਸੇ ਤਾਂ 'ਭ੍ਰਿਸ਼ਟਾਚਾਰ ਮੁਕਤ ਭਾਰਤ' ਦੇ ਵੱਡੇ-ਵੱਡੇ ਇਸ਼ਤਿਹਾਰ ਲਾਉਂਦੀ ਹੈ, ਦੂਸਰੇ ਪਾਸੇ ਭ੍ਰਿਸ਼ਟਾਚਾਰ 'ਤੇ ਲਗਾਮ ਲਾਉਣ ਵਾਲੇ ਕਾਨੂੰਨ ਨੂੰ ਕਮਜ਼ੋਰ ਕਰ ਰਹੀ ਹੈ। ਅੰਨਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 30 ਚਿੱਠੀਆਂ ਲਿਖੀਆਂ, ਜਿਨ੍ਹਾਂ ਵਿਚੋਂ 10 ਲੋਕਪਾਲ ਅਤੇ 20 ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸਨ। ਇਨ੍ਹਾਂ ਵਿਚੋਂ ਸਿਰਫ 2 ਦਾ ਹੀ ਜਵਾਬ ਆਇਆ ਹੈ।


Related News