ਹਾਥੀ ਨਾਲ ਸੈਲਫੀ ਲੈਣੀ ਪਈ ਭਾਰੀ, ਹੋਈ ਦਰਦਨਾਕ ਮੌਤ

07/27/2017 4:42:32 PM

ਬੈਂਗਲੁਰੂ— ਇੱਥੇ 30 ਸਾਲਾ ਇਕ ਸ਼ਖਸ ਹਾਥੀ ਨਾਲ ਸੈਲਫੀ ਲੈ ਰਿਹਾ ਸੀ ਅਤੇ ਹਾਥੀ ਨੇ ਉਸ ਨੂੰ ਮਾਰ ਦਿੱਤਾ। ਗਿਰੀਨਗਰ ਦਾ ਬਨਰਘਾਟਾ ਬਾਏਲਾਜਿਕਲ ਪਾਰਕ (ਬੀ.ਬੀ.ਪੀ.) ਦੇ ਸਫਾਰੀ ਇਲਾਕੇ 'ਚ ਹਾਥੀ ਨੇ ਸੈਲਫੀ ਲਈ ਉਤਸ਼ਾਹਤ ਹੋ ਰਹੇ ਅਭਿਲਾਸ਼ ਦੀ ਜਾਨ ਲੈ ਲਈ। ਇਸ ਮੌਤ ਨਾਲ ਜੰਗਲੀ ਜੀਵ ਪਾਰਕ 'ਚ ਸੁਰੱਖਿਆ ਦੇ ਇੰਤਜ਼ਾਮਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ। ਉੱਥੇ ਹੀ ਬੀ.ਬੀ.ਪੀ. ਦੇ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਹਫਤਾਵਾਰ ਛੁੱਟੀ ਕਾਰਨ ਪਾਰਕ ਬੰਦ ਸੀ। ਮੰਗਲਵਾਰ ਸ਼ਾਮ ਨੂੰ ਜਾਨਵਰਾਂ ਨਾਲ ਸੈਲਫੀ ਲੈਣ ਦੀ ਖੁਸ਼ੀ ਅਭਿਲਾਸ਼ ਨੂੰ ਪਾਰਕ ਤੱਕ ਖਿੱਚ ਕੇ ਲੈ ਗਈ ਸੀ। ਬੀ.ਬੀ.ਪੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਅਭਿਲਾਸ਼ ਨੇ ਹੱਕੀ-ਪਿੱਕੀ ਕਾਲੋਨੀ ਕੋਲ ਆਪਣੀ ਬਾਈਕ ਖੜ੍ਹੀ ਕੀਤੀ ਅਤੇ ਆਪਣੇ ਕੁਝ ਦੋਸਤਾਂ ਨਾ ਗੈਰ-ਕਾਨੂੰਨੀ ਤਰੀਕੇ ਨਾਲ ਪਾਰਕ 'ਚ ਆ ਗਿਆ। ਉਹ ਸੁੰਦਰ ਨਾਂ ਦੇ ਹਾਥੀ ਨਾਲ ਸੈਲਫੀਆਂ ਲੈ ਰਿਹਾ ਸੀ, ਉਦੋਂ ਸੁੰਦਰ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।''
ਸ਼ੁਰੂਆਤੀ ਜਾਂਚ 'ਚ ਇਹ ਪਤਾ ਲੱਗਾ ਕਿ ਅਭਿਲਾਸ਼ ਤਸਵੀਰਾਂ ਲੈਣ 'ਚ ਰੁਝਿਆ ਸੀ ਅਤੇ ਉਸ ਨੂੰ ਪਤਾ ਹੀ ਨਹੀਂ ਕਿ ਕਦੋਂ ਹਾਥੀ ਨੇ ਹਮਲਾ ਕਰ ਦਿੱਤਾ। ਉਹ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਹਾਥੀ ਨੇ ਉਸ ਨੂੰ ਆਪਣੀ ਸੁੰਡ 'ਚ ਦਬਾ ਲਿਆ ਅਤੇ ਉਹ ਦੌੜ ਨਹੀਂ ਸਕਿਆ। ਇਸ ਘਟਨਾ ਬਾਰੇ ਸੁਣਦੇ ਹੀ ਬੀ.ਬੀ.ਪੀ. ਦੇ ਅਧਿਕਾਰੀਆਂ ਨੇ ਪੁਲਸ ਦੀ ਮਦ ਨਾਲ ਅਭਿਲਾਸ਼ ਦੀ ਲਾਸ਼ ਨੂੰ ਵਿਕਟੋਰੀਆ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਮਾਤਾ-ਪਿਤਾ ਨੇ ਉਸ ਦੀ ਪਛਾਣ ਕੀਤੀ। ਪਾਰਕ 'ਚ ਸੁਰੱਖਿਆ ਇੰਤਜ਼ਾਮ ਨਾ ਹੋਣ ਨੂੰ ਲੈ ਕੇ ਅਭਿਲਾਸ਼ ਦੇ ਮਾਤਾ-ਪਿਤਾ ਨੇ ਬਨਰਘਾਟਾ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਕ ਬੰਦ ਸੀ ਅਤੇ ਅਭਿਲਾਸ਼ ਗੈਰ-ਕਾਨੂੰਨੀ ਢੰਗ ਨਾਲ ਉਸ 'ਚ ਦਾਖਲ ਹੋਇਆ ਸੀ।