ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ‘INDIA’ ਗਠਜੋੜ ਦੀਆਂ ਪਾਰਟੀਆਂ ’ਚ ਗੁੱਸਾ ਤੇ ਤਿੱਖੀ ਪ੍ਰਤੀਕਿਰਿਆ

03/22/2024 6:12:01 AM

ਨੈਸ਼ਨਲ ਡੈਸਕ– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਦਿੱਲੀ ਸ਼ਰਾਬ ਨੀਤੀ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਨਾਲ-ਨਾਲ ‘INDIA’ ਅਲਾਇੰਸ ’ਚ ਸ਼ਾਮਲ ਸਿਆਸੀ ਪਾਰਟੀਆਂ ਨੇ ਵੀ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਸਾਧਿਆ ਹੈ।

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਲਿਖਿਆ, ‘‘ਇਕ ਡਰਿਆ ਹੋਇਆ ਤਾਨਾਸ਼ਾਹ ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ। ਮੀਡੀਆ ਸਮੇਤ ਸਾਰੇ ਅਦਾਰਿਆਂ ’ਤੇ ਕਬਜ਼ਾ ਕਰਨਾ, ਪਾਰਟੀਆਂ ਨੂੰ ਤੋੜਨਾ, ਕੰਪਨੀਆਂ ਤੋਂ ਪੈਸਾ ਕੱਢਣਾ, ਮੁੱਖ ਵਿਰੋਧੀ ਪਾਰਟੀ ਦੇ ਖ਼ਾਤੇ ਫ੍ਰੀਜ਼ ਕਰਨਾ ‘ਸ਼ੈਤਾਨੀ ਸ਼ਕਤੀ’ ਲਈ ਕਾਫ਼ੀ ਨਹੀਂ ਸੀ, ਹੁਣ ਚੁਣੇ ਹੋਏ ਮੁੱਖ ਮੰਤਰੀਆਂ ਦੀ ਗ੍ਰਿਫ਼ਤਾਰੀ ਵੀ ਆਮ ਗੱਲ ਬਣ ਗਈ ਹੈ। INDIA ਇਸ ਦਾ ਢੁੱਕਵਾਂ ਜਵਾਬ ਦੇਵੇਗਾ।

ਐੱਨ. ਸੀ. ਪੀ. ਨੇਤਾ ਸ਼ਰਦ ਪਵਾਰ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਬਦਲਾਖੋਰੀ ਦੀ ਦੁਰਵਰਤੋਂ ਦੀ ਸਖ਼ਤ ਨਿੰਦਿਆ ਕਰਦਾ ਹਾਂ, ਖ਼ਾਸ ਕਰਕੇ ਜਦੋਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਇਹ ਗ੍ਰਿਫ਼ਤਾਰੀ ਦਰਸਾਉਂਦੀ ਹੈ ਕਿ ਭਾਜਪਾ ਸੱਤਾ ’ਚ ਕਿਸ ਹੱਦ ਤੱਕ ਝੁਕ ਸਕਦੀ ਹੈ। ਅਰਵਿੰਦ ਕੇਜਰੀਵਾਲ ਖ਼ਿਲਾਫ਼ ਇਸ ਗੈਰ-ਸੰਵਿਧਾਨਕ ਕਾਰਵਾਈ ਖ਼ਿਲਾਫ਼ ‘INDIA’ ਇਕਜੁਟ ਹੈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘ਜੋ ਖ਼ੁਦ ਹਾਰ ਦੇ ਡਰ ’ਚ ਕੈਦ ਹਨ, ਉਹ ਕਿਸੇ ਹੋਰ ਨੂੰ ਕਿਵੇਂ ਕੈਦ ਕਰਨਗੇ? ਭਾਜਪਾ ਜਾਣਦੀ ਹੈ ਕਿ ਉਹ ਮੁੜ ਸੱਤਾ ’ਚ ਆਉਣ ਵਾਲੀ ਨਹੀਂ ਹੈ, ਇਸ ਡਰ ਕਾਰਨ ਉਹ ਚੋਣਾਂ ਦੇ ਸਮੇਂ ਵਿਰੋਧੀ ਨੇਤਾਵਾਂ ਨੂੰ ਕਿਸੇ ਵੀ ਤਰੀਕੇ ਨਾਲ ਜਨਤਾ ਤੋਂ ਦੂਰ ਕਰਨਾ ਚਾਹੁੰਦੀ ਹੈ, ਗ੍ਰਿਫ਼ਤਾਰੀ ਸਿਰਫ਼ ਇਕ ਬਹਾਨਾ ਹੈ। ਇਹ ਗ੍ਰਿਫ਼ਤਾਰੀ ਇਕ ਨਵੇਂ ਲੋਕ ਇਨਕਲਾਬ ਨੂੰ ਜਨਮ ਦੇਵੇਗੀ।’’

ਡੀ. ਐੱਮ. ਕੇ. ਦੇ ਪ੍ਰਧਾਨ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਐਕਸ ’ਤੇ ਇਕ ਪੋਸਟ ’ਚ ਲਿਖਿਆ, ‘‘2024 ਦੀਆਂ ਚੋਣਾਂ ਤੋਂ ਪਹਿਲਾਂ ਇਕ ਦਹਾਕੇ ਦੀਆਂ ਅਸਫ਼ਲਤਾਵਾਂ ਤੇ ਆਉਣ ਵਾਲੀ ਹਾਰ ਦੇ ਡਰੋਂ, ਫਾਸੀਵਾਦੀ ਭਾਜਪਾ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਕੇ ਅਥਾਹ ਕੁੰਡ ’ਚ ਡੁੱਬ ਗਈ ਹੈ। ਹੇਮੰਤ ਸੋਰੇਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਬੇਇਨਸਾਫ਼ੀ ਨਾਲ ਨਿਸ਼ਾਨਾ ਬਣਾਇਆ ਗਿਆ।’’

ਟੀ. ਐੱਮ. ਸੀ. ਦੇ ਰਾਜ ਸਭਾ ਮੈਂਬਰ ਡੇਰੇਕ ਓ. ਬ੍ਰਾਇਨ ਨੇ ਟਵਿਟਰ ’ਤੇ ਲਿਖਿਆ, ‘‘ਅਸੀਂ ਚੁਣੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਿਆ ਕਰਦੇ ਹਾਂ, ਖ਼ਾਸ ਤੌਰ ’ਤੇ ਜਦੋਂ ਸ਼ਕਤੀਆਂ ਚੋਣ ਕਮਿਸ਼ਨ ਕੋਲ ਹੁੰਦੀਆਂ ਹਨ ਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਾ ਹੈ। ਇਸ ਤੋਂ ਪਹਿਲਾਂ ਇਕ ਗੈਰ-ਕਾਨੂੰਨੀ ਆਰਡੀਨੈਂਸ ਰਾਹੀਂ ਉਨ੍ਹਾਂ ਦੀਆਂ ਪ੍ਰਸ਼ਾਸਨਿਕ ਸ਼ਕਤੀਆਂ ਖੋਹ ਲਈਆਂ ਗਈਆਂ ਸਨ। ਅਸੀਂ ਭਾਰਤ ’ਚ ਨਿਰਪੱਖ ਚੋਣਾਂ ਦੀ ਉਮੀਦ ਕਿਵੇਂ ਕਰ ਸਕਦੇ ਹਾਂ ਜੇਕਰ ਮੌਜੂਦਾ ਮੁੱਖ ਮੰਤਰੀਆਂ ਤੇ ਮੁੱਖ ਵਿਰੋਧੀ ਨੇਤਾਵਾਂ ਨੂੰ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ? ਜੇਕਰ ਸੁਪਰੀਮ ਕੋਰਟ ਤੇ ਚੋਣ ਕਮਿਸ਼ਨ ਹੁਣ ਕਾਰਵਾਈ ਕਰਨ ’ਚ ਅਸਫ਼ਲ ਰਹੇ ਤਾਂ ਭਵਿੱਖ ’ਚ ਭਾਜਪਾ ਦੀ ਦਮਨਕਾਰੀ ਰਾਜਨੀਤੀ ਖ਼ਿਲਾਫ਼ ਲੋਕਾਂ ਦੇ ਨਾਲ ਕੌਣ ਖੜ੍ਹਾ ਹੋਵੇਗਾ?’’

ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ, ‘‘ਇਕ ਵਾਰ ਫਿਰ ਮੋਦੀ ਸਰਕਾਰ ਨੇ ਬਦਲਾ ਲੈਣ ਲਈ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ। ਇਹ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਨਸ਼ਟ ਕਰਨ ਦੇ ਆਪਣੇ ਇਰਾਦੇ ’ਚ ਮੋਦੀ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ।’’

ਆਰ. ਜੇ. ਡੀ. ਦੇ ਨੇਤਾ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਪੱਸ਼ਟ ਤੌਰ ’ਤੇ ਦਰਸਾਉਂਦੀ ਹੈ ਕਿ ਲੋਕਤੰਤਰੀ ਢੰਗ ਨਾਲ ਵਿਰੋਧੀ ਧਿਰ ਨਾਲ ਲੜਨ ਦੀ ਬਜਾਏ, ਭਾਜਪਾ ਜਾਂਚ ਏਜੰਸੀਆਂ ਤੇ ਹੋਰ ਸੰਵਿਧਾਨਕ ਸੰਸਥਾਵਾਂ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮਜ਼ਬੂਤ ਸਮਰਥਨ ਨਾਲ ਚੋਣ ਲੜਨਾ ਚਾਹੁੰਦੀ ਹੈ। ਐੱਨ. ਡੀ. ਏ. ਸਰਕਾਰ ਨੇ ਸਿਆਸੀ, ਜਮਹੂਰੀ ਤੇ ਸੰਵਿਧਾਨਕ ਨੈਤਿਕਤਾ ਤੇ ਮਰਿਆਦਾ ਦੀ ਉਲੰਘਣਾ ਕਰਕੇ ਦੇਸ਼ ’ਤੇ ਅਣ-ਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ।’’

ਕਾਂਗਰਸੀ ਨੇਤਾ ਉਦਿਤ ਰਾਜ ਨੇ ਕਿਹਾ, ‘‘ਇਸ ਸਮੇਂ ਭਾਰੀ ਪੁਲਸ ਸੁਰੱਖਿਆ ’ਚ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਨੂੰ ਘੇਰਾ ਪਾ ਕੇ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਵੇਂ ਕਿ ਉਹ ਡਾਕੂ ਹੋਣ। ਭਾਰਤ ’ਚ ਅਜਿਹਾ ਵਿਵਹਾਰ ਲੋਕਤੰਤਰ ਦਾ ਕਤਲ ਹੈ।’’

ਹਾਲ ਹੀ ’ਚ ਬਸਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸੰਸਦ ਮੈਂਬਰ ਦਾਨਿਸ਼ ਅਲੀ ਨੇ ਐਕਸ ’ਤੇ ਲਿਖਿਆ, ‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਰਕਾਰ ਨੂੰ ਭਾਰੀ ਮਹਿੰਗੀ ਪਵੇਗੀ। ਦੇਸ਼ ਲੋਕਤੰਤਰ ਦਾ ਤਿਉਹਾਰ ਮਨਾ ਰਿਹਾ ਹੈ ਤੇ ਸਰਕਾਰ ਈ. ਡੀ. ਰਾਹੀਂ ਆਪਣਾ ਰੰਗ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਜਨਤਾ ਦੀ ਵਾਰੀ ਹੈ। 4 ਜੂਨ ਦੇ ਨਤੀਜੇ ਦਿਖਾ ਦੇਣਗੇ ਕਿ ਇਹ ਸਰਕਾਰ ਦੀ ਵੱਡੀ ਗਲਤੀ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh