ਆਂਧਰਾ ਪ੍ਰਦੇਸ਼ 'ਚ ਰਾਜਨੀਤੀ ਗਰਮਾਈ, ਚੰਦਰਬਾਬੂ ਨਾਇਡੂ ਬੇਟੇ ਸਮੇਤ ਨਜ਼ਰਬੰਦ

09/11/2019 10:05:58 AM

ਅਮਰਾਵਤੀ— ਆਂਧਰਾ ਪ੍ਰਦੇਸ਼ 'ਚ ਮੌਜੂਦਾ ਵਾਈ.ਐੱਸ.ਆਰ.ਸੀ.ਪੀ. ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦਰਮਿਆਨ ਜਾਰੀ ਟਕਰਾਅ ਨੇ ਵੱਡਾ ਮੋੜ ਲੈ ਲਿਆ। ਸਾਬਕਾ ਮੁੱਖ ਮੰਤਰੀ ਨਾਇਡੂ ਪਾਰਟੀ ਵਰਕਰਾਂ ਅਤੇ ਨੇਤਾਵਾਂ ਨਾਲ ਗੁੰਟੂਰ ਜ਼ਿਲੇ 'ਚ ਸਰਕਾਰ ਦੇ ਵਿਰੋਧ 'ਚ ਰੈਲੀ ਕਰਨ ਵਾਲੇ ਸਨ। ਹਾਲਾਂਕਿ ਰੈਲੀ ਦੀ ਮਨਜ਼ੂਰੀ ਨਾ ਮਿਲਣ 'ਤੇ ਉਨ੍ਹਾਂ ਨੇ ਭੁੱਖ-ਹੜਤਾਲ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਨੂੰ ਘਰ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਦਰਅਸਲ ਟੀ.ਡੀ.ਪੀ. ਨੇ ਬੁੱਧਵਾਰ ਨੂੰ ਗੁੰਟੂਰ ਦੇ ਪਲਨਾਡੂ 'ਚ 'ਚਲੋ ਆਤਮਕੁਰੂ' ਰੈਲੀ ਬੁਲਾਈ ਸੀ। ਪਾਰਟੀ ਵਾਈ.ਐੱਸ.ਆਰ.ਸੀ.ਪੀ. ਸਰਕਾਰ 'ਚ ਸਿਆਸੀ ਹਿੰਸਾ ਦੇ ਦੋਸ਼ 'ਚ ਰੈਲੀ ਕਰਨ ਵਾਲੀ ਸੀ। ਹਾਲਾਂਕਿ ਆਂਧਰਾ ਪ੍ਰਦੇਸ਼ ਪੁਲਸ ਨੇ ਪਾਰਟੀ ਨੂੰ ਰੈਲੀ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਨਰਸਰਾਵਪੇਟਾ, ਸਤੇਨਾਪੱਲੇ, ਪਲਨਾਡੂ ਅਤੇ ਗੁਰਾਜਲਾ 'ਚ ਧਾਰਾ 144 ਲਾਗੂ ਕਰ ਦਿੱਤੀ ਗਈ। ਪੁਲਸ ਨੇ ਰਾਜ 'ਚ ਟੀ.ਡੀ.ਪੀ. ਦੇ ਕਈ ਨੇਤਾਵਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ।


ਟੀ.ਡੀ.ਪੀ. ਵਰਕਰਾਂ ਨੇ ਕੀਤੀ ਨਾਅਰੇਬਾਜ਼ੀ
ਨਾਇਡੂ ਸਵੇਰੇ 9 ਵਜੇ ਆਤਮਕੁਰੂ ਲਈ ਨਿਕਲਣ ਵਾਲੇ ਸਨ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ 'ਚ ਹੀ 12 ਘੰਟੇ ਤੱਕ ਭੁੱਖ-ਹੜਤਾਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੂੰ ਟੀ.ਡੀ.ਪੀ. ਵਰਕਰਾਂ ਨੂੰ ਵੀ ਭੁੱਖ-ਹੜਤਾਲ ਰੱਖਣ ਨੂੰ ਕਿਹਾ। ਬਾਅਦ 'ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਟੀ.ਡੀ.ਪੀ. ਦੇ ਨਾਲ ਹੀ ਵਾਈ.ਐੱਸ.ਆਰ.ਸੀ.ਪੀ. ਦੇ ਨੇਤਾਵਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਟੀ.ਡੀ.ਪੀ. ਦੇ ਜਵਾਬ 'ਚ ਰੈਲੀ ਕਰਨ ਤੋਂ ਰੋਕਿਆ ਜਾ ਸਕੇ। ਟੀ.ਡੀ.ਪੀ. ਵਰਕਰਾਂ ਨੇ ਰੈਲੀ ਦੀ ਮਨਜ਼ੂਰੀ ਨਾ ਦੇਣ ਅਤੇ ਨਾਇਡੂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ 'ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਸ ਨਾਲ ਵਰਕਰਾਂ ਦੀ ਝੜਪ ਵੀ ਹੋਈ, ਜਿਸ ਤੋਂ ਬਾਅਦ ਟੀ.ਡੀ.ਪੀ. ਨੌਜਵਾਨ ਇਕਾਈ ਦੇ ਪ੍ਰਧਾਨ ਦੇਵਿਨਾਨੀ ਅਵਿਨਾਸ਼ ਦੇ ਨਾਲ ਹੀ ਕਈ ਵਰਕਰਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਟੀ.ਡੀ.ਪੀ. ਨੇਤਾ ਅਯੰਨਾ ਪਤ੍ਰਾਦੂ ਨੂੰ ਵਿਜੇਵਾੜਾ ਰੇਲਵੇ ਸਟੇਸ਼ਨ 'ਤੇ ਹਿਰਾਸਤ 'ਚ ਲੈ ਲਿਆ ਗਿਆ।

DIsha

This news is Content Editor DIsha