ਦਿੱਲੀ ਹਾਈਕੋਰਟ ਨੇ ਸਾਬਕਾ ਟੀ.ਵੀ.ਐਂਕਰ ਸੁਹੈਬ ਇਲਿਆਸੀ ਨੂੰ ਪਤਨੀ ਦੇ ਕਤਲ ਦੇ ਦੋਸ਼ ''ਚ ਕੀਤਾ ਬਰੀ

10/05/2018 11:52:38 AM

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਸਾਬਕਾ ਟੀ.ਵੀ.ਐਂਕਰ ਅਤੇ ਨਿਰਮਾਤਾ ਸੁਹੈਬ ਇਲਿਆਸੀ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਅੰਜੂ ਦੇ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਸੁਹੈਬ ਇਲਿਆਸੀ ਨੂੰ ਦੋਸ਼ੀ ਕਰਾਰ ਦੇ ਕੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਟੀ.ਵੀ.ਸ਼ੋਅ 'ਇੰਡੀਅਨ ਮੋਸਟ ਵਾਂਟੇਡ' ਦੇ ਹੋਸਟ ਸੁਹੈਬ ਇਲਿਆਸੀ ਨੂੰ ਪਤਨੀ ਦੇ ਕਤਲ ਕਰਨ 18 ਸਾਲ ਪੁਰਾਣੇ ਮਾਮਲੇ 'ਚ 16 ਦਸੰਬਰ 2017 ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਦੇ ਬਾਅਦ ਸੁਹੈਬ ਨੇ ਉਸ ਦੀ ਸਜ਼ਾ ਖਿਲਾਫ ਅਪੀਲ ਦਰਜ ਕੀਤੀ ਸੀ। 

11 ਜਨਵਰੀ 2000 ਨੂੰ ਸੁਹੈਬ ਦੀ ਪਤਨੀ  ਅੰਜੂ ਇਲਿਆਸੀ ਦੀ ਸ਼ੱਕੀ ਹਾਲਾਤਾਂ 'ਚ ਹਸਪਤਾਲ 'ਚ ਮੌਤ ਹੋ ਗਈ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਵਾਰ ਕੀਤੇ ਜਾਣ ਦੇ ਕਈ ਨਿਸ਼ਾਨ ਸਨ। ਸ਼ੁਰੂਆਤ 'ਚ ਅੰਜੂ ਦੀ ਮੌਤ ਨੂੰ ਸੁਸਾਇਡ ਸਮਝਿਆ ਸੀ ਪਰ ਕੁਝ ਮਹੀਨੇ ਬਾਅਦ ਅੰਜੂ ਦੀ ਮਾਂ ਅਤੇ ਭੈਣ ਨੇ ਐਸ.ਡੀ.ਐਮ. ਦੇ ਸਾਹਮਣੇ ਬਿਆਨ ਦਿੱਤਾ ਕਿ ਸੁਹੈਬ ਨੇ ਅੰਜੂ ਨੂੰ ਸੁਸਾਇਡ ਲਈ ਮਜ਼ਬੂਰ ਕੀਤਾ ਸੀ। ਇਸ ਦੇ ਬਾਅਦ ਸੁਹੈਬ ਨੂੰ ਸ਼ੁਰੂ 'ਚ ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਸੁਹੈਬ ਨੇ ਆਪਣੇ ਉਪਰ ਲੱਗੇ ਦੋਸ਼ਾਂ ਦਾ ਵਿਰੋਧ ਕੀਤਾ ਸੀ। 
ਸੁਹੈਬ ਇਲਿਆਸੀ ਨੇ ਜਾਮੀਆ ਮਿੱਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸਾਲ 1989 'ਚ ਪੱਤਰਕਾਰਿਤਾ ਦੀ ਪੜ੍ਹਾਈ ਪੂਰੀ ਕੀਤੀ ਸੀ। ਪੜ੍ਹਾਈ ਦੌਰਾਨ ਹੀ ਸੁਹੈਬ ਅੰਜੂ ਨੂੰ ਮਿਲੇ ਸਨ। ਉਨ੍ਹਾਂ ਨੇ ਸਾਲ 1991 'ਚ ਟੀ.ਵੀ. ਏਸ਼ੀਆ 'ਚ ਕੰਮ ਕੀਤਾ। ਇਸ ਵਿਚਾਲੇ ਸਾਲ 1993 'ਚ ਸਹੈਬ ਅਤੇ ਅੰਜੂ ਨੇ ਸਪੈਸ਼ਲ ਕੋਰਟ ਮੈਰਿਜ ਐਕਟ ਤਹਿਤ ਵਿਆਹ ਕਰ ਲਿਆ। 1995 'ਚ ਪਤਨੀ ਅੰਜੂ ਨਾਲ ਮਿਲ ਕੇ ਸੁਹੈਬ ਨੇ ਕ੍ਰਾਇਮ ਸ਼ੋਅ ਬਣਾਇਆ ਜੋ ਬਾਅਦ 'ਚ ਬਹੁਤ ਮਸ਼ਹੂਰ ਹੋ ਗਿਆ।