ਉਪ ਰਾਸ਼ਟਰਪਤੀ ਅਹੁਦੇ ਲਈ ਆਨੰਦੀਬੇਨ ਪਟੇਲ ਦੀ ਮਜ਼ਬੂਤ ਦਾਅਵੇਦਾਰੀ

04/27/2022 10:50:32 AM

ਨਵੀਂ ਦਿੱਲੀ– ਹਾਲਾਂਕਿ ਰੱਖਿਆ ਮੰਤਰੀ ਅਤੇ ਮੋਦੀ ਸਰਕਾਰ ਵਿਚ ਨੰਬਰ 2 ਦੀ ਹੈਸੀਅਤ ਰੱਖਣ ਵਾਲੇ ਰਾਜਨਾਥ ਸਿੰਘ ਸਰਕਾਰ ਦੀ ਪਸੰਦ ਹੈ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੀ ਸਟ੍ਰੈਂਥ ਅਤੇ ਕਾਰਨਾਂ ’ਤੇ ਅਸੀਂ ਕਾਲਮ ਵਿਚ ਪਹਿਲਾਂ ਚਰਚਾ ਕਰ ਚੁੱਕੇ ਹਾਂ। ਜੇਕਰ ਕੁਝ ਕਾਰਨਾਂ ਕਰ ਕੇ ਉਹ ਇਸ ਅਹੁਦੇ ਨੂੰ ਹਾਸਲ ਕਰਨ ਵਿਚ ਅਸਮਰੱਥ ਰਹਿੰਦੇ ਹਨ ਤਾਂ ਯੂ. ਪੀ. ਦੀ ਰਾਜਪਾਲ ਆਨੰਦੀਬੇਨ ਪਟੇਲ ਹੋਰ ਦਾਅਵੇਦਾਰ ਹੋ ਸਕਦੀ ਹੈ। ਇਸ ਤੋਂ ਇਲਾਵਾ ਗ਼ੈਰ-ਰਸਮੀ ਚਰਚਾ ਵਿਚ ਕੁਝ ਹੋਰ ਲੋਕਾਂ ਦੇ ਨਾਂ ਵੀ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ’ਤੇ ਸੰਘ ਪਰਿਵਾਰ ਵਿਚ ਵੀ ਚਰਚਾ ਹੋਈ ਹੈ ਪਰ ਇਹ ਭਾਵਨਾ ਕਾਫੀ ਪੱਕੀ ਹੈ ਕਿ ਇਸ ਵਾਰ ਕਿਸੇ ਔਰਤ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਵੇ।

ਸੂਤਰਾਂ ਦਾ ਕਹਿਣਾ ਹੈ ਕਿ ਮਹਿਲਾ ਉਮੀਦਵਾਰਾਂ ਵਿਚ ਆਨੰਦੀਬੇਨ ਪਟੇਲ ਇਸ ਅਹੁਦੇ ਲਈ ਸਭ ਤੋਂ ਵੱਡੀ ਦਾਅਵੇਦਾਰ ਹਨ। ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ ਅਤੇ ਪੀ. ਐੱਮ. ਮੋਦੀ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਸੀ, ਜਿਨ੍ਹਾਂ ਨੂੰ ਬਾਅਦ ਵਿਚ ਉੱਤਰ ਪ੍ਰਦੇਸ਼ ਭੇਜ ਦਿੱਤਾ ਗਿਆ ਸੀ। ਉਹ ਸ਼ਕਤੀਸ਼ਾਲੀ ਪਟੇਲ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ, ਜੋ ਭਾਜਪਾ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਪਾਟੀਦਾਰ ਵੋਟਾਂ ਦੀ ਸਖਤ ਜ਼ਰੂਰਤ ਹੈ। ਇਸ ਦੌਰਾਨ ਗੁਜਰਾਤ ਦੇ ਸ਼ਕਤੀਸ਼ਾਲੀ ਪਟੇਲ ਨੇਤਾ ਨਰੇਸ਼ ਪਟੇਲ ਦੇ ਕਾਂਗਰਸ ਵਿਚ ਜਾਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਪਰ ਫਿਲਹਾਲ ਅਜਿਹਾ ਕੁਝ ਨਹੀਂ ਹੋਇਆ ਹੈ। ਉਨ੍ਹਾਂ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਭਾਜਪਾ ਉਨ੍ਹਾਂ ਨੂੰ ਆਪਣੇ ਖੇਮੇ ਵਿਚ ਲਿਆਉਣ ਲਈ ਯਤਨਸ਼ੀਲ ਹੈ। ਜੇਕਰ ਉਹ ਕਾਂਗਰਸ ਜਾਂ ਆਪ ਵਿਚ ਜਾਂਦੇ ਹਨ ਤਾਂ ਭਾਜਪਾ ਲਈ ਮੁਸ਼ਕਲ ਹੋ ਸਕਦੀ ਹੈ।

ਗੁਜਰਾਤ ਦੇ ਨਵੇਂ ਮੁੱਖ ਮੰਤਰੀ ਭੁਪਿੰਦਰ ਪਟੇਲ ਸੂਬੇ ਵਿਚ ਆਪਣੀ ਛਾਪ ਛੱਡਣ ਵਿਚ ਅਸਫਲ ਰਹੇ ਹਨ। ਇਸ ਲਈ ਆਨੰਦੀਬੇਨ ਪਟੇਲ ਦਾ ਮਹੱਤਵ ਵੱਧ ਗਿਆ ਹੈ। ਜੇਕਰ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਗੁਜਰਾਤ ਦੇ ਪਟੇਲਾਂ ਵਿਚ ਮਜ਼ਬੂਤ ਸੰਦੇਸ਼ ਜਾਵੇਗਾ ਅਤੇ ਇਸ ਨਾਲ ਪਾਰਟੀ ਨੂੰ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 182 ਸੀਟਾਂ ਵਿਚੋਂ 150 ਸੀਟਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ 100 ਦੇ ਅੰਕੜੇ ਤੋਂ ਹੇਠਾਂ ਰਹਿ ਗਈ।


Rakesh

Content Editor

Related News