ਜ਼ਖਮੀ ਚੀਤੇ ਦੀਆਂ ਫੋਟੋਆਂ ਖਿੱਚਦੇ ਲੋਕਾਂ ਨੂੰ ਪਈਆਂ ਭਾਜੜਾਂ (ਵੀਡੀਓ ਵਾਇਰਲ)

08/19/2019 8:52:47 PM

ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਦੇ ਅਲੀਪੁਰਦਵਾਰ ਵਿਚ ਜ਼ਖਮੀ ਚੀਤੇ ਦੀਆਂ ਫੋਟੋਆਂ ਖਿੱਚਦਿਆਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਜ਼ਖਮੀ ਚੀਤੇ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ। ਫਿਲਹਾਲ ਹਮਲੇ ਵਿਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ। ਇਕ ਵਿਅਕਤੀ ਨੂੰ ਜ਼ਰੂਰ ਮਾਮੂਲੀ ਸੱਟਾਂ ਲੱਗੀਆਂ ਕਿਉਂਕਿ ਉਹ ਚੀਤੇ ਦੇ ਨੇੜਿਓਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਚੀਤੇ ਨੇ ਥੋੜ੍ਹੀ ਦੇਰ ਮਦੋਲਿਆ ਪਰ ਛੇਤੀ ਹੀ ਉਸ ਨੂੰ ਛੱਡ ਦਿੱਤਾ। ਵਿਅਕਤੀ ਦੀ ਖੁਸ਼ਕਿਸਮਤੀ ਇਹ ਰਹੀ ਕਿ ਉਸ ਦੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਉਸ ਦੀ ਜਾਨ ਬਚ ਗਈ। ਇਹ ਸਾਰੀ ਘਟਨਾ ਉਥੇ ਖੜ੍ਹੇ ਲੋਕਾਂ ਵਿਚੋਂ ਕਿਸੇ ਇਕ ਨੇ ਆਪਣੇ ਫੋਨ ਵਿਚ ਰਿਕਾਰਡ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਚੀਤਾ ਸੜਕ ਕੰਢੇ ਇਕ ਟੋਏ ਵਿਚ ਜ਼ਖਮੀ ਹਾਲਤ ਵਿਚ ਪਿਆ ਹੈ। ਸੜਕ ਕੰਢੇ ਦਰਜਨਾਂ ਲੋਕਾਂ ਦੀ ਭੀੜ ਉਸ ਦੀਆਂ ਫੋਟੋਆਂ ਖਿੱਚ ਰਹੀ ਹੈ। ਉਸੇ ਵੇਲੇ ਇਕ ਵਿਅਕਤੀ ਫੋਟੋ ਖਿੱਚਦਾ ਹੋਇਆ ਚੀਤੇ ਦੇ ਕਾਫੀ ਨੇੜੇ ਪਹੁੰਚ ਜਾਂਦਾ ਹੈ। ਉਸ ਨੂੰ ਆਪਣੇ ਨੇੜੇ ਆਉਂਦਾ ਵੇਖ ਚੀਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸੇ ਵੇਲੇ ਉਥੇ ਭਾਜੜਾਂ ਪੈ ਗਈਆਂ। ਹਮਲੇ ਵਿਚ ਵਿਅਕਤੀ ਨੂੰ ਮਾਮੂਲੀ ਸੱਟਾਂ ਹੀ ਵੱਜੀਆਂ। ਉਥੇ ਹੀ ਜ਼ਖਮੀ ਚੀਤੇ ਨੂੰ ਇਲਾਜ ਲਈ ਵਣ ਵਿਭਾਗ ਦੀ ਟੀਮ ਉਸ ਨੂੰ ਆਪਣੇ ਨਾਲ ਲੈ ਗਈ। ਅਧਿਕਾਰੀਆਂ ਮੁਤਾਬਕ ਠੀਕ ਹੋਣ ਤੋਂ ਬਾਅਦ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਜਾਵੇਗਾ।

Sunny Mehra

This news is Content Editor Sunny Mehra