ਜਾਸੂਸੀ ਮਾਮਲੇ ''ਤੇ ਬੋਲੇ ਰਾਹੁਲ- ਅਮਿਤ ਸ਼ਾਹ ਨੂੰ ਅਸਤੀਫ਼ਾ ਦੇਣਾ ਚਾਹੀਦਾ

07/23/2021 12:14:30 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਦੀ ਵਰਤੋਂ ਕਰ ਕੇ ਭਾਰਤ ਦੇ ਕਈ ਪ੍ਰਮੁੱਖ ਵਿਅਕਤੀਆਂ ਦੀ ਕਥਿਤ ਤੌਰ 'ਤੇ ਜਾਸੂਸੀ ਕੀਤੇ ਜਾਣ ਨੂੰ 'ਰਾਜਧ੍ਰੋਹ' ਕਰਾਰ ਦਿੱਤਾ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫ਼ਾ ਦੇਣਾ ਚਾਹੀਦਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਹੋਣੀ ਚਾਹੀਦੀ ਹੈ। ਰਾਹੁਲ ਨੇ ਇਹ ਦਾਅਵਾ ਵੀ ਕੀਤਾ ਕਿ ਪੇਗਾਸਸ ਦੀ ਵਰਤੋਂ 'ਭਾਰਤੀ ਰਾਜ' ਅਤੇ 'ਸੰਸਥਾਵਾਂ' ਖ਼ਿਲਾਫ਼ ਕੀਤੀ ਗਈਅਤੇ ਇਹ ਜਨਤਾ ਦੀ ਆਵਾਜ਼ 'ਤੇ ਹਮਲਾ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਦਾ ਦੋਸ਼- ਲੱਗਦਾ ਹੈ ਸਾਡੀ ਵੀ ‘ਜਾਸੂਸੀ’ ਕਰਵਾ ਰਹੀ ਹੈ ਸਰਕਾਰ

ਰਾਹੁਲ ਗਾਂਧੀ ਨੇ ਸੰਸਦ ਭਵਨ ਨੇੜੇ ਵਿਜੇ ਚੌਕ 'ਤੇ ਕਿਹਾ,''ਪੇਗਾਸਸ ਇਕ ਹਥਿਆਰ ਹੈ, ਜਿਸ ਦੀ ਵਰਤੋਂ ਅੱਤਵਾਦੀਆਂ ਅਤੇ ਅਪਰਾਧੀਆਂ ਵਿਰੁੱਧ ਕੀਤੀ ਜਾਂਦੀ ਹੈ। ਸਾਡੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਭਾਰਤ ਦੀਆਂ ਸੰਸਥਾਵਾਂ ਅਤੇ ਲੋਕਤੰਤਰ ਵਿਰੁੱਧ ਇਸ ਦੀ ਵਰਤੋਂ ਕੀਤੀ। ਮੇਰਾ ਫੋਨ ਟੈਪ ਕੀਤਾ। ਇਹ ਮੇਰੀ ਪ੍ਰਾਇਵੇਸੀ ਦਾ ਮਾਮਲਾ ਨਹੀਂ ਹੈ। ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਅਤੇ ਮੈਂ ਜਨਤਾ ਦੀ ਆਵਾਜ਼ ਚੁੱਕਦਾ ਹਾਂ। ਇਹ ਜਨਤਾ ਦੀ ਆਵਾਜ਼ 'ਤੇ ਹਮਲਾ ਹੈ।'' ਉਨ੍ਹਾਂ ਦਾਅਵਾ ਕੀਤਾ,''ਰਾਫ਼ੇਲ ਮਾਮਲੇ ਦੀ ਜਾਂਚ ਰੋਕਣ ਲਈ ਪੇਗਾਸਸ ਦੀ ਵਰਤੋਂ ਕੀਤੀ ਗਈ। ਨਰਿੰਦਰ ਮੋਦੀ ਨੇ ਇਸ ਹਥਿਆਰ ਦੀ ਵਰਤੋਂ ਸਾਡੇ ਦੇਸ਼ ਲਈ ਕੀਤੀ। ਇਸ ਲਈ ਸਿਰਫ਼ ਇਕ ਸ਼ਬਦ ਹੈ 'ਰਾਜਧ੍ਰੋਹ'।'' ਰਾਹੁਲ ਨੇ ਕਿਹਾ,''ਗ੍ਰਹਿ ਮੰਤਰੀ ਅਸਤੀਫ਼ਾ ਦੇਣਾ ਚਾਹੀਦਾ ਅਤੇ ਨਰਿੰਦਰ ਮੋਦੀ ਦੀ ਭੂਮਿਕਾ ਦੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਨਿਆਇਕ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੀ ਵਰਤੋਂ ਦਾ ਆਦੇਸ਼ ਪ੍ਰਧਨ ਮੰਤਰੀ ਅਤੇ ਗ੍ਰਹਿ ਮੰਤਰੀ ਹੀ ਦੇ ਸਕਦੇ ਹਨ।'' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਫੋਨ ਟੈਪ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha