ਰਾਹੁਲ ਦੇ ਸੰਵਿਧਾਨ ਬਚਾਓ ਮੁਹਿੰਮ ਦੇ ਜਵਾਬ ''ਚ ਅਮਿਤ ਸ਼ਾਹ ਨੇ ਕੀਤਾ ਪਲਟਵਾਰ

04/23/2018 3:06:21 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਵਿਧਾਨ ਬਚਾਓ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਕੀਤੀ ਅਤੇ ਭਾਜਪਾ ਅਤੇ ਆਰ.ਐੱਸ.ਐੱਸ. 'ਤੇ ਜੰਮ ਕੇ ਹਮਲਾ ਬੋਲਿਆ। ਇਸ ਦੇ ਜਵਾਬ 'ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਈ ਟਵੀਟ 'ਤੇ ਕਾਂਗਰਸ 'ਤੇ ਪਲਟਵਾਰ ਕੀਤਾ। ਸ਼ਾਹ ਨੇ ਕਾਂਗਰਸ ਪ੍ਰਧਾਨ ਦੇ ਭਾਜਪਾ ਦੇ ਦਲਿਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਹੋਣ ਦੇ ਦੋਸ਼ਾਂ 'ਤੇ ਕਿਹਾ ਕਿ ਰਾਹੁਲ ਗਾਂਧੀ ਦੇ ਪਰਿਵਾਰ ਨੇ ਅੰਬੇਡਕਰ ਦਾ ਅਪਮਾਨ ਕੀਤਾ ਅਤੇ ਕਾਂਗਰਸ ਦਾ ਉਦੇਸ਼ ਸੰਵਿਧਾਨ ਬਚਾਉਣਾ ਨਹੀਂ ਸਗੋਂ ਇਕ ਪਰਿਵਾਰ ਨੂੰ ਬਚਾਉਣਾ ਹੈ। ਸ਼ਾਹ ਨੇ ਕਾਂਗਰਸ 'ਤੇ ਅੰਬੇਡਕਰ ਦੇ ਅਪਮਾਨ ਦਾ ਦੋਸ਼ ਲਗਾਉਂ ਹੋਏ ਟਵੀਟ ਕੀਤਾ,''ਵਾਰ-ਵਾਰ ਇਹ ਕਹਿ ਕੇ ਕਾਂਗਰਸ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਹੈ, ਰਾਹੁਲ ਗਾਂਧੀ ਆਪਣੇ ਪਰਿਵਾਰ ਦੀ ਅੰਬੇਡਕਰ ਦੇ ਅਪਮਾਨ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਨਹਿਰੂ-ਗਾਂਧੀ ਪਰਿਵਾਰ ਨੇ ਜਦੋਂ ਉਹ ਜਿਉਂਦੇ ਸਨ, ਉਦੋਂ ਵੀ ਉਨ੍ਹਾਂ ਦਾ ਅਪਮਾਨ ਕੀਤਾ ਅਤੇ ਅੱਜ ਵੀ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ। ਸ਼ਰਮਨਾਕ ਅਤੇ ਦੁਖਦ।''ਅਮਿਤ ਸ਼ਾਹ ਨੇ ਇਕ ਹੋਰ ਟਵੀਟ 'ਚ ਕਾਂਗਰਸ 'ਤੇ ਸੰਵਿਧਾਨਕ ਸੰਸਥਾਵਾਂ 'ਤੇ ਹਮਲੇ ਦਾ ਦੋਸ਼ ਵੀ ਲਗਾਇਆ। ਭਾਜਪਾ ਪ੍ਰਧਾਨ ਨੇ ਕਿਹਾ,''ਸਾਡੀਆਂ ਸੰਸਥਾਵਾਂ ਜਿਨ੍ਹਾਂ ਦੀ ਪਛਾਣ ਸੰਵਿਧਾਨ ਕਾਰਨ ਹੈ, ਉਨ੍ਹਾਂ ਨੂੰ ਕਾਂਗਰਸ ਦੀ ਵਿਨਾਸ਼ਕਾਰੀ ਰਾਜਨੀਤੀ ਤੋਂ ਬਚਾਉਣਾ ਹੋਵੇਗਾ। ਕਾਂਗਰਸ ਪਾਰਟੀ ਨੇ ਕਿਸੇ ਸੰਸਥਾ ਨੂੰ ਨਹੀਂ ਛੱਡਿਆ ਅਤੇ ਚੋਣ ਕਮਿਸ਼ਨ, ਸੁਪਰੀਮ ਕੋਰਟ ਆਰਮੀ ਤੱਕ ਨੂੰ ਆਪਣੀ ਮਾਮੂਲੀ ਰਾਜਨੀਤਕ ਫਾਇਦੇ ਲਈ ਇਸਤੇਮਾਲ ਕਰ ਰਹੀ ਹੈ।'' ਸ਼ਾਹ ਨੇ ਫੇਸਬੁੱਕ 'ਤੇ ਵੀ ਇਕ ਪੋਸਟ ਲਿਖ ਕੇ ਕਾਂਗਰਸ 'ਤੇ ਹਮਲਾ ਬੋਲਿਆ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਆਪਣੇ ਪੋਸਟ 'ਚ ਲਿਖਿਆ ਕਿ ਕਿਸੇ ਪਾਰਟੀ ਨੇ ਸੰਵਿਧਾਨ ਨੂੰ ਸਭ ਤੋਂ ਵਧ ਠੇਸ ਪਹੁੰਚਾਈ ਹੈ ਤਾਂ ਉਹ ਕਾਂਗਰਸ ਪਾਰਟੀ ਹੈ। ਕਾਂਗਰਸ ਦਾ ਮਕਸਦ ਭਾਰਤੀ ਸੰਵਿਧਾਨ ਨੂੰ ਬਚਾਉਣਾ ਨਹੀਂ ਹੈ ਸਗੋਂ ਸਿਰਫ ਇਕ ਪਰਿਵਾਰ ਨੂੰ ਬਚਾਉਣਾ ਹੈ। ਉਨ੍ਹਾਂ ਦੇ ਪ੍ਰਧਾਨ ਦੀ ਇਹ ਮੁਹਿੰਮ ਵੀ ਉਸੇ ਮਕਸਦ ਲਈ ਹੈ।