ਨੋਟਬੰਦੀ ਤੇ ਸਰਜੀਕਲ ਸਟ੍ਰਾਈਕ, ਇਤਿਹਾਸਕ ਕਦਮ : ਸ਼ਾਹ

01/07/2017 7:45:25 AM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜਿਥੇ ਨੋਟਬੰਦੀ ਅਤੇ ਸਰਜੀਕਲ ਸਟ੍ਰਾਈਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੁੱਕੇ ਗਏ ਇਤਿਹਾਸਕ ਕਦਮ ਦੱਸਿਆ ਹੈ, ਉਥੇ ਵਿਰੋਧੀ ਧਿਰ ''ਤੇ ਨਿਸ਼ਾਨਾ ਵਿਨ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਹੀ ਮੁੱਦਿਆਂ ''ਤੇ ਉਹ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। 
ਸ਼ੁੱਕਰਵਾਰ ਇਥੇ ਪਾਰਟੀ ਦੀ ਦੋ ਦਿਨਾ ਕੌਮੀ ਕਾਰਜਕਾਰਨੀ ਦੀ ਬੈਠਕ ਦਾ ਉਦਘਾਟਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ 5 ਸੂਬਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਬੈਠਕ ਪਿੱਛੋਂ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸ਼ਾਹ ਨੇ ਕਾਰਜਕਾਰਨੀ ਦੀ ਬੈਠਕ ਦੌਰਾਨ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਵਿਸ਼ਾਲ ਲੋਕ ਫਤਵਾ ਸਿਰਫ ਸਰਕਾਰ ਚਲਾਉਣ ਲਈ ਨਹੀਂ ਸਗੋਂ ਗਰੀਬਾਂ ਦੇ ਭਲੇ ਲਈ ਮਿਲਿਆ ਹੈ।
ਅਡਵਾਨੀ ਨਾਰਾਜ਼ ਨਜ਼ਰ ਆਏ
ਬੈਠਕ ਵਿਚ ਪਾਰਟੀ ਦੇ ਬਜ਼ੁਰਗ ਆਗੂ ਐੱਲ. ਕੇ. ਅਡਵਾਨੀ ਨੇ ਸ਼ਮ੍ਹਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਉਦਘਾਟਨ ਤਾਂ ਕੀਤਾ ਪਰ ਉਹ ਨਾਰਾਜ਼ ਨਜ਼ਰ ਆਏ ਅਤੇ ਮੰਚ ''ਤੇ ਨਹੀਂ ਬੈਠੇ। ਅਡਵਾਨੀ ਪਹਿਲਾਂ ਤਾਂ ਹੇਠਾਂ ਆਪਣੀ ਸੀਟ ''ਤੇ ਬੈਠੇ ਸਨ ਪਰ ਸ਼ਮ੍ਹਾ ਰੋਸ਼ਨ ਕਰਨ ਲਈ ਜਦੋਂ ਉਨ੍ਹਾਂ ਨੂੰ ਸੱਦਿਆ ਗਿਆ ਤਾਂ ਉਹ ਮੰਚ ''ਤੇ ਨਹੀਂ ਆਏ। ਉਸ ਤੋਂ ਬਾਅਦ ਉਨ੍ਹਾਂ ਨੂੰ ਮਨਾਇਆ ਗਿਆ ਅਤੇ ਉਹ ਮੰਚ ''ਤੇ ਆਏ। ਇਸ ਤੋਂ ਬਾਅਦ ਉਹ ਫਿਰ ਹੇਠਾਂ ਉਤਰੇ ਅਤੇ ਆਡੀਟੋਰੀਅਮ ਤੋਂ ਬਾਹਰ ਚਲੇ ਗਏ।