ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ

10/24/2021 4:15:07 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਤੋਂ ਬਾਅਦ ਪਹਿਲੀ ਵਾਰ ਇੱਥੇ ਦੌਰੇ ’ਤੇ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਸਭਾ ਨੂੰ ਸੰਬੋਧਿਤ ਕੀਤਾ। ਸ਼ਾਹ ਨੇ ਕਿਹਾ ਕਿ ਜੇਕਰ ਨੌਜਵਾਨ ਜੰਮੂ-ਕਸ਼ਮੀਰ ਦੇ ਵਿਕਾਸ ’ਚ ਸ਼ਾਮਲ ਹੋਣਗੇ ਤਾਂ ਅਤਵਾਦੀ ਆਪਣੇ ਨਾਪਾਕ ਮਨਸੂਬਿਆਂ ਵਿਚ ਫੇਲ੍ਹ ਹੋ ਜਾਣਗੇ। ਸ਼ਾਹ ਨੇ ਕਿਹਾ ਕਿ ਜੰਮੂ ਦੇ ਲੋਕਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਜੰਮੂ ਅਤੇ ਕਸ਼ਮੀਰ ਦੋਹਾਂ ਦਾ ਵਿਕਾਸ ਹੁਣ ਨਾਲ-ਨਾਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਵਿਚ ਕੋਈ ਵੀ ਰੋੜੇ ਨਹੀਂ ਅਟਕਾ ਸਕੇਗਾ।

ਸ਼ਾਹ ਨੇ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ ਅਤੇ ਸਾਡਾ ਟੀਚਾ 2022 ਦੇ ਅਖ਼ੀਰ ਤੱਕ ਇਸ ਨੂੰ 51 ਹਜ਼ਾਰ ਕਰੋੜ ਰੁਪਏ ਕਰਨ ਦਾ ਹੈ। ਸ਼ਾਹ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਕੋਈ ਵੀ ਨਾਗਰਿਕ ਹਿੰਸਾ ਵਿਚ ਨਾ ਮਾਰਿਆ ਜਾਵੇ ਅਤੇ ਜੰਮੂ-ਕਸ਼ਮੀਰ ਤੋਂ ਅੱਤਵਾਦ ਦਾ ਸਫਾਇਆ ਹੋਵੇ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਦਰਮਿਆਨ ਸ਼ਾਹ ਐਤਵਾਰ ਨੂੰ ਇੱਥੇ ਪਹੁੰਚੇ ਅਤੇ ਭਾਰਤੀ ਤਕਨਾਲੋਜੀ ਸੰਸਥਾ, ਜੰਮੂ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ।

Tanu

This news is Content Editor Tanu