ਅਮਰੀਕਾ ਭਾਰਤ ਨੂੰ ਭੜਕਾ ਕੇ ਕਰ ਰਿਹਾ ਆਪਣਾ ਉੱਲੂ ਸਿੱਧਾ : ਚੀਨ

Thursday, Jul 27, 2017 - 02:18 AM (IST)

ਬੀਜਿੰਗ— ਚੀਨ ਅਤੇ ਭਾਰਤ ਨੂੰ ਅਮਰੀਕਾ ਨੇ ਸਿੱਧੇ ਤੌਰ 'ਤੇ ਗੱਲ ਕਰ ਕੇ ਮੁੱਦਾ ਸੁਲਝਾਉਣ ਦੀ ਅਪੀਲ ਕੀਤੀ ਸੀ ਪਰ ਚੀਨ ਇਸ ਤੋਂ ਸਹਿਮਤ ਨਹੀਂ ਹੈ। ਉਥੇ ਹਾਲ ਹੀ 'ਚ ਇਕ ਅਮਰੀਕੀ ਅਖਬਾਰ 'ਚ ਛਪੇ ਲੇਖ ਨੇ ਚੀਨ ਨੂੰ ਹੋਰ ਗੁੱਸਾ ਦਿਵਾ ਦਿੱਤਾ ਹੈ।  ਜਿਸ ਤੋਂ ਬਾਅਦ ਚੀਨ ਦੀ ਇਕ ਅਖਬਾਰ 'ਚ ਛਪੇ ਲੇਖ 'ਚ ਇਹ ਦੋਸ਼ ਲਗਾਇਆ ਹੈ ਕਿ ਅਮਰੀਕਾ ਭਾਰਤ ਨੂੰ ਭੜਕਾ ਕੇ ਚੀਨ ਨਾਲ ਲੜਾਉਣਾ ਚਾਹੁੰਦਾ ਹੈ। ਭਾਰਤ ਅਤੇ ਚੀਨ ਯੁੱਧ ਨਹੀਂ ਕਰਨਾ ਚਾਹੁੰਦੇ ਪਰ ਪੱਛਮੀ ਦੇਸ਼ ਦੋਵਾਂ ਦੇਸ਼ਾਂ 'ਚ ਲੜਾਈ ਕਰਵਾ ਕੇ ਫਾਇਦਾ ਚੁੱਕਣਾ ਚਾਹੁੰਦੇ ਹਨ। ਚੀਨ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਸਣੇ ਕਈ ਦੇਸ਼ ਭਾਰਤ ਅਤੇ ਚੀਨ ਵਿਚਾਲੇ ਵਿਵਾਦ 'ਚ ਸਿੱਧੇ ਤੌਰ 'ਤੇ ਦਖਲ ਅੰਦਾਜੀ ਕਰ ਰਹੇ ਹਨ। ਵਾਸ਼ਿੰਗਟਨ ਐਗਜ਼ਾਮਿਨਰ 'ਚ ਚੀਨ ਦੇ ਖਤਰੇ ਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ ਹੈ ਅਤੇ ਨਾਲ ਹੀ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਦੀ ਜਮ ਕੇ ਸ਼ਲਾਘਾ ਕੀਤੀ ਗਈ ਹੈ।
ਚੀਨ ਨੇ ਕਿਹਾ ਕਿ ਅਮਰੀਕਾ ਹਰ ਵਿਵਾਦ 'ਚ ਆਪਣੀ ਦਖਲ ਅੰਦਾਜੀ ਕਰਦਾ ਹੈ ਅਤੇ ਸ਼ਾਇਦ ਹੀ ਉਹ ਕਦੇ ਵਿਵਾਦ ਖਤਮ ਕਰਨ 'ਚ ਮਦਦ ਕਰੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਡੋਕਲਾਮ ਵਿਵਾਦਿਤ ਇਲਾਕਾ ਨਹੀਂ ਹੈ। ਇਥੇ ਸਰਹੱਦਾਂ ਪਹਿਲਾਂ ਤੋਂ ਹੀ ਨਿਰਧਾਰਤ ਕੀਤੀ ਗਈਆਂ ਹਨ। ਚੀਨ ਨੇ ਕਿਹਾ ਕਿ ਜਿਥੇ ਵੀ ਵਿਵਾਦ ਹੁੰਦਾ ਹੈ ਅਮਰੀਕਾ ਉਥੇ ਦਖਲ ਅੰਦਾਜੀ ਕਰਨ ਪਹੁੰਚ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਪੱਛਮੀ ਦੇਸ਼ ਭਾਰਤ ਅਤੇ ਚੀਨ ਵਿਚਾਲੇ ਲੜਾਈ ਕਰਵਾਉਣਾ ਚਾਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਸਿਆਸੀ ਲਾਭ ਮਿਲੇਗਾ। ਅਮਰੀਕਾ ਨੇ ਦੱਖਣੀ ਚੀਨ ਸਾਗਰ 'ਚ ਇਸੇ ਰਣਨੀਤੀ ਦਾ ਸਹਾਰਾ ਲਿਆ ਹੈ।
ਅਮਰੀਕਾ ਸੋਚਦਾ ਹੈ ਕਿ ਉਹ ਦੱਖਣੀ ਚੀਨ ਸਾਗਰ ਦਾ ਫਾਰਮੂਲਾ ਇਥੇ ਵੀ ਲਾਗੂ ਕਰ ਲਵੇਗਾ ਪਰ ਸਮੁੰਦਰੀ ਵਿਵਾਦ ਤੋਂ ਅਮਰੀਕਾ ਨੂੰ ਕੁਝ ਹਾਸਲ ਨਹੀਂ ਹੋਵੇਗਾ। ਚੀਨ ਅਮਰੀਕਾ ਦੀ ਦਖਲ ਕਾਰਨ ਆਪਣੇ ਸਰਹੱਦ ਦੀ ਰੱਖਿਆ ਕਰਨਾ ਨਹੀਂ ਛੱਡ ਸਕਦਾ ਹੈ। ਚੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਰੀਬ 50 ਸਾਲ ਪਹਿਲਾਂ ਵੀ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਵਿਵਾਦ ਪਿੱਛੇ ਅਮਰੀਕਾ ਅਤੇ ਸੋਵੀਅਤ ਸੰਘ ਦਾ ਹੱਥ ਸੀ। ਨਵੀਂ ਦਿੱਲੀ ਨੂੰ ਉਸ ਨੁਕਸਾਨ ਤੋਂ ਸਬਕ ਲੈਣਾ ਚਾਹੀਦਾ ਹੈ। ਚੀਨ ਦਾ ਕਹਿਣਾ ਹੈ ਕਿ ਉਹ ਭਾਰਤ ਨੂੰ ਯੁੱਧ ਨਹੀਂ ਚਾਹੁੰਦਾ ਹੈ ਅਤੇ ਉਸ ਨੇ ਗੁਆਂਢੀਆਂ ਨਾਲ ਹਮੇਸ਼ਾ ਗੱਲਬਾਤ ਦੇ ਜ਼ਰੀਏ ਸਰਹੱਦ ਵਿਵਾਦ ਨੂੰ ਸੁਲਝਾਇਆ ਹੈ।


Related News