ਈਰਾਨ ਤੋਂ ਤੇਲ ਦਰਾਮਦ ਦੇ ਮਾਮਲੇ ''ਚ ਭਾਰਤ ਨੂੰ ਛੋਟ ਦੇ ਸਕਦੈ ਅਮਰੀਕਾ

07/18/2018 12:04:10 AM

ਵਾਸ਼ਿੰਗਟਨ/ਨਵੀਂ ਦਿੱਲੀ — ਈਰਾਨ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਰੋਕ ਦੇ ਮਾਮਲੇ 'ਚ ਸੋਮਵਾਰ ਨੂੰ ਅਮਰੀਕਾ ਦੇ ਇਕ ਉੱਚ ਪੱਧਰੀ ਵਫਦ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਵਿਚਾਲੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕੁਝ ਦੇਸ਼ਾਂ ਨੂੰ ਇਸ ਪਾਬੰਦੀ ਤੋਂ ਅਲੱਗ ਕਰਨ ਦੇ ਸੰਕੇਤ ਦਿੱਤੇ ਹਨ। ਇਕ ਵਫਦ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ।
ਅਧਿਕਾਰਕ ਸੂਤਰਾਂ ਮੁਤਾਬਕ ਈਰਾਨ ਤੋਂ ਕੱਚੇ ਤੇਲ ਦੀ ਖਰੀਦ ਦੇ ਬਾਰੇ 'ਚ ਗੱਲਬਾਤ ਹੋਈ, ਜਿਸ 'ਚ ਗੋਖਲੇ ਨੇ ਭਾਰਤ ਦਾ ਸਟੈਂਡ ਰੱਖਿਆ। ਅਮਰੀਕਾ ਦੀਆਂ ਪਾਬੰਦੀਆਂ 'ਤੇ ਸਰਕਾਰ ਦਾ ਪੱਖ ਦੇਸ਼ ਹਿੱਤ ਵੱਲ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਭਾਰਤ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦੇਣ ਲਈ ਗੋਖਲੇ ਨੇ ਕੀ ਕਿਹਾ। ਇਸ ਗੱਲਬਾਤ ਤੋਂ ਪਹਿਲਾਂ ਅਮਰੀਕਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਕੁਝ ਦੇਸ਼ਾਂ ਤੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਨੂੰ ਵੀ ਉਮੀਦ ਹੈ ਕਿ ਇਸ ਪਾਬੰਦੀ ਨਾਲ ਉਸ ਨੂੰ ਕੁਝ ਰਾਹਤ ਮਿਲੇਗੀ।
ਦੋਹਾਂ ਦੇਸ਼ਾਂ ਵੱਲੋਂ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਨੂੰ ਭਾਰਤ ਅਤੇ ਈਰਾਨ ਨੇ ਅਮਰੀਕੀ ਪਾਬੰਦੀਆਂ ਨਾਲ ਨਜਿੱਠਣ ਲਈ ਚਰਚਾ ਕੀਤੀ ਅਤੇ ਇਕ ਦੂਜੇ ਨਾਲ ਚੰਗੇ ਵਪਾਰਕ ਸੰਬੰਧ ਬਣਾਏ ਰੱਖਣ 'ਤੇ ਵਿਚਾਰ ਕੀਤਾ। ਮਈ 'ਚ ਟਰੰਪ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਤੋੜ ਕੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਨਾਲ ਨਵੰਬਰ ਤੱਕ ਦਰਾਮਦ ਖਤਮ ਕਰਨ ਲਈ ਕਿਹਾ ਹੈ। ਭਾਰਤ ਅਜੇ ਵੀ ਇਸ ਪਾਬੰਦੀ ਨੂੰ ਹਟਾਉਣ ਲਈ ਯਤਨ ਕਰ ਰਿਹਾ ਹੈ। ਅਮਰੀਕੀ ਪਾਬੰਦੀ ਦਾ ਪਹਿਲਾ ਪੜਾਅ 6 ਅਗਸਤ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ ਵਰਤਮਾਨ 'ਚ ਭਾਰਤ 'ਚ ਇਰਾਕ ਅਤੇ ਸਾਊਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਕੱਚਾ ਤੇਲ ਈਰਾਨ ਤੋਂ ਦਰਾਮਦ ਹੁੰਦਾ ਹੈ।