ਖ਼ਰਾਬ ਸੜਕ ਕਾਰਨ ਐਂਬੂਲੈਂਸ ਨੇ ਹਸਪਤਾਲ ਲਿਜਾਉਣ ਤੋਂ ਕੀਤੀ ਨਾਂਹ, ਔਰਤ ਦੀ ਰਸਤੇ ''ਚ ਮੌਤ

11/19/2023 11:29:42 AM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਇਕ ਪਿੰਡ 'ਚ ਬੀਮਾਰ ਔਰਤ ਨੂੰ ਖ਼ਰਾਬ ਸੜਕ ਕਾਰਨ ਐਂਬੂਲੈਂਸ ਅਤੇ ਹੋਰ ਸਥਾਨਕ ਵਾਹਨਾਂ ਨੇ ਹਸਪਤਾਲ ਲਿਜਾਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੰਜੇ ’ਤੇ ਲਿਟਾ ਕੇ ਖੁਦ ਹੀ ਹਸਪਤਾਲ ਲਿਜਾਣ ਦਾ ਫ਼ੈਸਲਾ ਕੀਤਾ ਪਰ ਔਰਤ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਕਈ ਦਿਨਾਂ ਤੋਂ ਬੀਮਾਰ ਮਾਮੁਨੀ ਰਾਇ ਨੂੰ ਉਸ ਦੇ ਪਰਿਵਾਰ ਦੇ ਲੋਕ ਉਸ ਦੇ ਪਿੰਡ ਮਾਲਦੰਗਾ ਤੋਂ ਲਗਭਗ ਸਾਢੇ 4 ਕਿਲੋਮੀਟਰ ਦੂਰ ਮੋਦੀਪੁਕੁਰ ਦਿਹਾਤੀ ਹਸਪਤਾਲ ਵਿਚ ਮੰਜੇ 'ਤੇ ਲਿਜਾ ਰਹੇ ਸਨ। ਇਹ ਹਸਪਤਾਲ ਬਾਮਨਗੋਲਾ ਇਲਾਕੇ ਵਿਚ ਹੈ। 

ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ

ਮ੍ਰਿਤਕਾ ਦੇ ਪਤੀ ਕਾਰਤਿਕ ਰਾਇ ਨੇ ਦੱਸਿਆ ਕਿ ਸੜਕ ਦੀ ਖ਼ਰਾਬ ਹਾਲਤ ਕਾਰਨ ਉਸ ਦੀ ਪਤਨੀ ਨੂੰ ਮੰਜੇ 'ਤੇ ਹਸਪਤਾਲ ਲਿਜਾਣਾ ਪਿਆ ਕਿਉਂਕਿ ਕੋਈ ਵੀ ਐਂਬੂਲੈਂਸ ਅਤੇ ਸਥਾਨਕ ਵਾਹਨ ਚਾਲਕ ਉਸ ਨੂੰ ਲਿਜਾਣ ਲਈ ਤਿਆਰ ਨਹੀਂ ਸੀ। ਉਨ੍ਹਾਂ ਕਿਹਾ,''ਅਸੀਂ ਉਸ ਨੂੰ ਮੰਜੇ 'ਤੇ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰਸਤੇ 'ਚ ਉਸ ਦੀ ਮੌਤ ਹੋ ਗਈ।'' ਬਾਮਨਗੋਲਾ ਬਲਾਕ ਵਿਕਾਸ ਅਧਿਕਾਰੀ (ਬੀ.ਡੀ.ਓ.) ਰਾਜੁ ਕੁੰਦੁ ਨੇ ਕਿਹਾ,''ਔਰਤ ਕਈ ਦਿਨਾਂ ਤੋਂ ਬੀਮਾਰ ਸੀ ਅਤੇ ਹਸਪਤਾਲ ਲਿਜਾਉਣ ਦੌਰਾਨ ਉਸ ਦੀ ਮੌਤ ਹੋ ਗਈ। ਸੜਕ ਲੰਮੇ ਸਮੇਂ ਤੋਂ ਕੱਚੀ ਹੈ। 6-7 ਮਹੀਨੇ ਪਹਿਲਾਂ ਉਸ ਦੀ ਮੁਰੰਮਤ ਕੀਤੀ ਸੀ ਅਤੇ ਇਸ 'ਤੇ ਤਾਰਕੋਲ ਤੋਂ ਸੜਕ ਬਣਾਉਣ ਦੀ ਯੋਜਨਾ ਹੈ। ਅਸੀਂ ਸੀਨੀਅਰ ਅਧਿਕਾਰੀਆਂ ਨੂੰ ਪ੍ਰਸਤਾਵ ਭੇਜਿਆ ਹੈ ਅਤੇ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਾਂ।'' ਭਾਜਪਾ ਦੇ ਇਕ ਸਥਾਨਕ ਨੇਤਾ ਨੇ ਦੋਸ਼ ਲਗਾਇਆ ਕਿ ਸੜਕ ਦੀ ਸਥਿਤੀ 'ਚ ਸੁਧਾਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਅਸਫ਼ਲ ਰਿਹਾ ਹੈ। ਉੱਥੇ ਹੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਦੀ ਲੋੜ ਹੈ ਅਤੇ ਇਸ ਘਟਨਾ ਤੋਂ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਖੇਤਰ 'ਚ ਕੋਈ ਵਿਕਾਸ ਨਹੀਂ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha