ਅਮਰਨਾਥ ਯਾਤਰਾ: ਮਨੋਜ ਸਿਨਹਾ ਭਲਕੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਵਿਖਾ ਕੇ ਕਰਨਗੇ ਰਵਾਨਾ

06/28/2022 4:24:40 PM

ਜੰਮੂ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਭਲਕੇ ਯਾਨੀ ਕਿ ਬੁੱਧਵਾਰ ਨੂੰ ਅਮਰਨਾਥ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਦੱਸ ਦੇਈਏ ਕਿ 43 ਦਿਨ ਲੰਬੀ ਚੱਲਣ ਵਾਲੀ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖਤਮ ਹੋ ਜਾਵੇਗੀ। ਯਾਤਰੀ ਨਿਵਾਸ ਅਤੇ ਬਰਫ਼ਾਨੀ ਬਾਬਾ ਦੀ ਗੁਫ਼ਾ ਤੱਕ ਜਾਣ ਵਾਲੇ ਮਾਰਗ ’ਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਸਿਨਹਾ, ਜੋ ਅਮਰਨਾਥ ਸ਼ਰਾਈਨ ਬੋਰਡ ਦੇ ਪ੍ਰਧਾਨ ਵੀ ਹਨ, ਉਨ੍ਹਾਂ ਨੇ ਸੋਮਵਾਰ ਨੂੰ ਯਾਤਰੀ ਨਿਵਾਸ ਦਾ ਦੌਰਾ ਕਰ ਕੇ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਨੂੰ ਇਸ ਸਾਲ ਚੰਦਨਵਾੜੀ ਅਤੇ ਬਾਲਟਾਲ ਦੋਹਾਂ ਮਾਰਗਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਕਸ਼ਮੀਰ ਘਾਟੀ ’ਚ ਅਗਸਤ 2019 ’ਚ ਧਾਰਾ 370 ਹਟਣ ਅਤੇ 2020-21 ’ਚ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਨੂੰ ਦੋ ਸਾਲਾਂ ਲਈ ਮੁਲਵਤੀ ਕਰ ਦਿੱਤਾ ਗਿਆ ਸੀ। ਪਿਛਲੇ ਦੋ ਸਾਲਾਂ ਦੌਰਾਨ ਅਮਰਨਾਥ ਯਾਤਰਾ ਨਾ ਹੋਣ ਕਾਰਨ ਲੱਖਾਂ ਪਰਿਵਾਰਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਬਾਬਾ ਬਰਫ਼ਾਨੀ ਦੇ ਗੁਫ਼ਾ ਦੇ ਦਰਸ਼ਨ ਲਈ ਜੰਮੂ-ਕਸ਼ਮੀਰ ਦੋਹਾਂ ਖੇਤਰਾਂ ’ਚ ਲੋਕਾਂ ’ਚ ਯਾਤਰਾ ਨੂੰ ਲੈ ਕੇ ਬਹੁਤ ਉਤਸ਼ਾਹ ਹੈ। 

ਅਮਰਨਾਥ ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਲਈ ਜੰਮੂ ਦੇ ਬਾਹਰੀ ਇਲਾਕਿਆਂ ਅਤੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਪੁਲਿਸ, ਸੀਆਰਪੀਐਫ, ਸੀਏਪੀਐਫ, ਸੀਆਈਐਸਐਫ, ਬੀਐਸਐਫ ਅਤੇ ਫੌਜ ਦੇ ਵਾਧੂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।


Tanu

Content Editor

Related News