ਹੁਣ ਸਾਰੀਆਂ ਚੋਣਾਂ ਇਕੱਲਿਆਂ ਲੜਾਂਗੇ : ਮਾਇਆਵਤੀ

06/25/2019 1:15:16 AM

ਲਖਨਊ- ਲੋਕ ਸਭਾ ਚੋਣਾਂ 2019 ਅਤੇ ਉਸ ਤੋਂ ਪਹਿਲਾਂ ਸੰਸਦੀ ਸੀਟਾਂ 'ਤੇ ਹੋਈਆਂ ਉਪ ਚੋਣਾਂ ਲਈ ਸਪਾ ਨਾਲ ਕੀਤੇ ਗਠਜੋੜ ਤੋਂ ਨਾਤਾ ਤੋੜਦੇ ਹੋਏ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਵਿੱਖ ਵਿਚ ਸਾਰੀਆਂ ਵੱਡੀਆਂ-ਛੋਟੀਆਂ ਚੋਣਾਂ ਪਾਰਟੀ ਇਕੱਲਿਆਂ ਲੜੇਗੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਮਾਇਆਵਤੀ ਨੇ ਸਿਰਫ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਇਕੱਲਿਆਂ ਲੜਨ ਦੀ ਗੱਲ ਕਹੀ ਸੀ ਪਰ ਮਾਇਆਵਤੀ ਨੇ ਹੁਣ ਮਹਾਗਠਜੋੜ ਤੋੜ ਦਿੱਤਾ ਹੈ। ਮਾਇਆਵਤੀ ਨੇ ਟਵੀਟ ਕੀਤਾ, ''ਜਗ ਜ਼ਾਹਰ ਹੈ ਕਿ ਅਸੀਂ ਸਪਾ ਨਾਲ ਸਾਰੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਦਿੱਤੇ, ਇਥੋਂ ਤਕ ਕਿ 2012-17 ਤਕ ਸਪਾ ਸਰਕਾਰ ਵਿਚ ਕੀਤੇ ਗਏ ਬਸਪਾ ਅਤੇ ਪਾਰਟੀ ਵਿਰੋਧੀ ਫੈਸਲਿਆਂ, ਤਰੱਕੀਆਂ ਵਿਚ ਰਾਖਵੇਂਕਰਨ ਦੇ ਰਾਹ 'ਚ ਰੋੜੇ ਅਟਕਾਉਣਾ ਅਤੇ ਖਰਾਬ ਕਾਨੂੰਨ ਵਿਵਸਥਾ ਨੂੰ ਵੀ ਅਸੀਂ ਦਰ-ਕਿਨਾਰ ਕਰ ਦਿੱਤਾ। ਸਭ ਕੁਝ ਭੁਲਾ ਕੇ ਅਸੀਂ ਦੇਸ਼ ਤੇ ਜਨਤਾ ਦੇ ਹਿੱਤ ਵਿਚ ਸਪਾ ਨਾਲ ਗਠਜੋੜ-ਧਰਮ ਪੂਰੀ ਦ੍ਰਿੜ੍ਹਤਾ ਨਾਲ ਨਿਭਾਇਆ। ਲੋਕ ਸਭਾ ਚੋਣਾਂ ਤੋਂ ਬਾਅਦ ਸਪਾ ਦਾ ਵਿਵਹਾਰ ਬਸਪਾ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਅਜਿਹਾ ਕਰ ਕੇ ਭਵਿੱਖ ਵਿਚ ਭਾਜਪਾ ਨੂੰ ਹਰਾ ਸਕਣਾ ਸੰਭਵ ਹੋਵੇਗਾ? ਸਾਡੇ ਹਿਸਾਬ ਨਾਲ ਤਾਂ ਸੰਭਵ ਨਹੀਂ ਹੋਵੇਗਾ। ਇਸ ਲਈ ਅਸੀਂ ਪਾਰਟੀ ਤੇ ਅੰਦੋਲਨ ਦੇ ਹਿੱਤ ਵਿਚ ਫੈਸਲਾ ਲਿਆ ਹੈ। ਬਸਪਾ ਭਵਿੱਖ ਵਿਚ ਹੋਣ ਵਾਲੀਆਂ ਵੱਡੀਆਂ-ਛੋਟੀਆਂ ਚੋਣਾਂ ਆਪਣੇ ਦਮ 'ਤੇ ਲੜੇਗੀ।''

Karan Kumar

This news is Content Editor Karan Kumar