ਪਾਕਿਸਤਾਨ 'ਚ ਸੁਰੱਖਿਅਤ ਨਹੀਂ ਸ਼ੀਆ ਮੁਸਲਮਾਨ, AISHF ਨੇ UN ਨੂੰ ਚਿੱਠੀ ਲਿਖ ਕੀਤੀ ਕਾਰਵਾਈ ਦੀ ਮੰਗ

09/14/2020 1:23:54 PM

ਲਖਨਊ- ਆਲ ਇੰਡੀਆ ਸ਼ੀਆ ਹੁਸੈਨੀ ਫੰਡ (ਏ.ਆਈ.ਐੱਸ.ਐੱਚ.ਐੱਫ.) ਨੇ ਸੰਯੁਕਤ ਰਾਸ਼ਟਰ (ਯੂ.ਐੱਨ.) ਨੂੰ ਚਿੱਠੀ ਲਿਖ ਕੇ ਪਾਕਿਸਤਾਨ 'ਚ ਸ਼ੀਆ ਮੁਸਲਮਾਨਾਂ ਵਿਰੁੱਧ ਹੋ ਰਹੇ ਜ਼ੁਲਮਾਂ ਨੂੰ ਰੋਕਣ ਦੀ ਗੁਜਾਰਿਸ਼ ਕੀਤੀ ਹੈ। ਯੂ.ਐੱਨ. ਦੇ ਜਨਰਲ ਸਕੱਤਰ ਐਂਟੋਨਿਓ ਗੁਟੇਰਸ ਨੂੰ ਲਿਖੀ ਚਿੱਠੀ 'ਚ ਪਾਕਿਸਤਾਨ 'ਚ ਸ਼ੀਆ ਮੁਸਲਮਾਨਾਂ 'ਤੇ ਹੋ ਰਹੇ ਹਮਲਿਆਂ ਅਤੇ ਫਿਰਕਾਪ੍ਰਸਤੀ ਨੂੰ ਰੋਕਣ ਲਈ ਕਿਹਾ ਗਿਆ ਹੈ। ਯੂ.ਐੱਨ. ਜਨਰਲ ਸਕੱਤਰ ਨੂੰ ਲਿਖੀ ਚਿੱਠੀ 'ਚ ਇਸ ਲਈ ਇਕ ਇੰਟਰਨੈਸ਼ਨਲ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਇਹ ਚਿੱਠੀ ਏ.ਆਈ.ਐੱਸ.ਐੱਚ.ਐੱਫ. ਵਲੋਂ ਜਨਰਲ ਸਕੱਤਰ ਸਈਅਦ ਹਸਨ ਮੇਂਹਦੀ ਨੇ ਲਿਖਿਆ ਹੈ। ਉਨ੍ਹਾਂ ਨੇ ਆਪਣੀ ਚਿੱਠੀ 'ਚ ਦੋਸ਼ ਲਗਾਇਆ ਕਿ ਪਿਛਲੇ 3 ਦਹਾਕਿਆਂ ਦੌਰਾਨ ਪਾਕਿਸਤਾਨ 'ਚ ਕਰੀਬ 30 ਹਜ਼ਾਰ ਸ਼ੀਆ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਸਈਅਦ ਹਸਨ ਨੇ ਕਿਹਾ,''ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਉੱਥੇ ਭਾਵੇਂ ਸ਼ੀਆ ਹੋਣ ਜਾਂ ਸਿੱਖ, ਹਿੰਦੂ ਅਤੇ ਈਸਾਈ, ਕੋਈ ਵੀ ਸੁਰੱਖਿਅਤ ਨਹੀਂ ਹੈ। 2020 'ਚ ਹੀ ਅੱਤਵਾਦੀਆਂ ਨੇ ਸਭ ਤੋਂ ਵੱਧ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਹਰ ਸਾਲ ਦੀ ਤਰ੍ਹਾਂ ਮੁਹਰਮ ਦੇ ਸਮੇਂ ਇਹ ਹਮਲੇ ਹੋਰ ਜ਼ਿਆਦਾ ਤੇਜ਼ ਹੋਏ।'' ਦੱਸਣਯੋਗ ਹੈ ਕਿ ਏ.ਆਈ.ਐੱਸ.ਐੱਚ.ਐੱਫ. ਨੇ ਯੂ.ਐੱਨ. ਨੂੰ ਚਿੱਠੀ ਅਜਿਹੇ ਸਮੇਂ ਲਿਖੀ ਹੈ, ਜਦੋਂ ਪਾਕਿਸਤਾਨ ਦੇ ਕਰਾਚੀ 'ਚ ਸ਼ੁੱਕਰਵਾਰ ਨੂੰ ਐਂਟੀ-ਸ਼ੀਆ ਪ੍ਰਦਰਸ਼ਨ ਹੋਏ ਸਨ। ਇਸ ਪ੍ਰਦਰਸ਼ਨ ਤੋਂ ਬਾਅਦ ਸ਼ੀਆ ਮੁਸਲਮਾਨਾਂ ਨੂੰ ਫਿਰਕੂ ਹਿੰਸਾ ਦੇ ਮਾਮਲਿਆਂ 'ਚ ਵਾਧਾ ਹੋਣ ਦਾ ਡਰ ਸਤਾ ਰਿਹਾ ਹੈ।

DIsha

This news is Content Editor DIsha