ਜਿਨਾਹ ਦੀ ਤਸਵੀਰ ਨੂੰ ਲੈ ਕੇ ਵਧਦੇ ਵਿਵਾਦ ਦੇ ਮੱਦੇਨਜ਼ਰ ਅਲੀਗੜ੍ਹ ''ਚ ਚੌਕਸੀ ਵਧਾਈ

05/05/2018 12:04:16 PM

ਅਲੀਗੜ੍ਹ— ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਦੇ ਵਿਦਿਆਰਥੀ ਸੰਘ ਦਫ਼ਤਰ 'ਚ ਪਾਕਿਸਤਾਨ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਲੱਗੀ ਤਸਵੀਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਦੇਖਦੇ ਹੋਏ ਪੁਲਸ ਨੇ ਸ਼ਹਿਰ 'ਚ ਸੁਰੱਖਿਆ ਦਾ ਦਾਇਰਾ ਵਧਾ ਦਿੱਤਾ ਹੈ। ਸੀਨੀਅਰ ਪੁਲਸ ਕਮਿਸ਼ਨਰ ਅਜੇ ਕੁਮਾਰ ਸਾਹਨੀ ਨੇ ਦੱਸਿਆ ਕਿ ਏ.ਐੱਮ.ਯੂ. ਕੈਂਪਸ ਦੇ ਬਾਹਰ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਏ.ਐੱਮ.ਯੂ. ਦੇ ਕੁਝ ਵਿਦਿਆਰਥੀ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ 'ਤੇ ਧਰਨੇ 'ਤੇ ਬੈਠੇ ਹੋਏ ਹਨ। ਵਿਵਾਦ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਸੁਰੱਖਿਆ ਦੇ ਇੰਤਜ਼ਾਮ ਕਰਦੇ ਹੋਏ ਸੁਰੱਖਿਆ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਏ.ਐੱਮ.ਯੂ. ਕੈਂਪਸ ਦੇ ਬਾਹਰ ਸੁਰੱਖਿਆ ਦਾ ਦਾਇਰਾ ਵਧਾਉਂਦੇ ਹੋਏ ਆਰ.ਏ.ਐੱਫ., ਪੀ.ਏ.ਸੀ. ਅਤੇ ਸਥਾਨਕ ਪੁਲਸ ਦੇ ਜਵਾਨ ਪੂਰੀ ਗਿਣਤੀ 'ਚ ਤਾਇਨਾਤ ਹਨ। ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਉਣ ਵਾਲਿਆਂ 'ਤੇ ਨੱਥ ਪਾਉਣ ਲਈ ਇੰਟਰਨੈੱਟ ਸੇਵਾ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਦੀ ਰਾਤ 12 ਵਜੇ ਤੱਕ ਬੰਦ ਹੈ। ਉਨ੍ਹਾਂ ਨੇ ਕਿਹਾ ਕਿ ਲੋੜ ਪਈ ਤਾਂ ਇਸ ਦਾ ਸਮਾਂ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਫਵਾਹ ਫੈਲਾਉਣ ਵਾਲਿਆਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।
ਸ਼੍ਰੀ ਸਾਹਨੀ ਦਾ ਕਹਿਣਾ ਹੈ ਕਿ ਬੁੱਧਵਾਰ ਦੀ ਘਟਨਾ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਘਟਨਾ ਦੀ ਪ੍ਰਸ਼ਾਸਨਿਕ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏ.ਐੱਮ.ਯੂ. 'ਚ ਕੁਝ ਅਜਿਹੇ ਤੱਤ ਹਨ, ਜੋ ਸ਼ਾਂਤੀ 'ਚ ਰੁਕਾਵਟ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੌਕੇ 'ਤੇ ਬਾਹਰੀ ਤੱਤ ਆ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਇੱਥੇ ਆਉਣ ਵਾਲਿਆਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ 'ਚ ਪਹਿਲਾਂ ਤੋਂ ਹੀ ਧਾਰਾ 144 ਲਾਗੂ ਹੈ। ਪੁਲਸ ਏ.ਐੱਮ.ਯੂ. 'ਚ ਆਉਣ ਵਾਲਿਆਂ 'ਤੇ ਨਜ਼ਰ ਰੱਖੇ ਹੋਏ ਹੈ। ਇਸ ਦੌਰਾਨ ਵਪਾਰੀ ਸੰਗਠਨਾਂ ਨੇ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਵਪਾਰ 'ਤੇ ਬੁਰਾ ਅਸਰ ਪੈ ਰਿਹਾ ਹੈ। ਇੰਟਰਨੈੱਟ ਬੰਦ ਕਰਨਾ ਹੈ ਤਾਂ ਏ.ਐੱਮ.ਯੂ. ਦਾ ਬੰਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) 'ਚ ਪਾਕਿ ਸੰਸਥਾਪਕ ਅਲੀ ਜਿਨਾਹ ਦੀ ਵਿਦਿਆਰਥੀ ਸੰਘ ਦਫ਼ਤਰ 'ਚ ਲੱਗੀ ਤਸਵੀਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕੁਝ ਹਿੰਦੂਵਾਦੀ ਸੰਗਠਨਾਂ ਨੇ 2 ਮਈ ਨੂੰ ਪ੍ਰਦਰਸ਼ਨ ਕਰ ਕੇ ਜਿਨਾਹ ਦਾ ਪੁਤਲਾ ਫੂਕਿਆ ਸੀ। ਉਸ ਤੋਂ ਬਾਅਦ ਜਿਨਾਹ ਦੇ ਸਮਰਥਨ 'ਚ ਏ.ਐੱਮ.ਯੂ. ਦੇ ਵਿਦਿਆਰਥੀਆਂ ਨੇ ਸਿਵਲ ਲਾਈਨ ਥਾਣੇ 'ਚ ਜਾ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਦਰਮਿਆਨ ਝੜਪ ਵੀ ਹੋਈ ਸੀ। ਜਿਨਾਹ ਦੀ ਤਸਵੀਰ ਨੂੰ ਲੈ ਕੇ ਜਾਰੀ ਬਵਾਲ ਨੂੰ ਦੇਖਦੇ ਹੋਏ ਜ਼ਿਲਾ ਅਧਿਕਾਰੀ ਚੰਦਰ ਭੂਸ਼ਣ ਸਿੰਘ ਨੇ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਦੀ ਰਾਤ 12 ਵਜੇ ਤੱਕ ਸ਼ਹਿਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ। ਅਲੀਗੜ੍ਹ 'ਚ ਪਹਿਲਾਂ ਤੋਂ ਹੀ ਧਾਰਾ 144 ਲਾਗੂ ਹੈ। ਇਸ ਕਾਰਨ ਪਿਛਲੇ ਇਕ ਹਫਤੇ ਤੋਂ ਏ.ਐੱਮ.ਯੂ. 'ਚ ਪੜ੍ਹਾਈ ਨਹੀਂ ਹੋ ਪਾ ਰਹੀ ਹੈ।